ਫ਼ਰੀਦਕੋਟ :ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਦੇ ਲੋਕ ਪ੍ਰਭਾਵਤ ਹੋ ਰਹੇ ਹਨ। ਇਸ ਮਹਾਂਮਾਰੀ ਕਾਰਨ ਪੰਜਾਬ 'ਚ ਹੁਣ ਤੱਕ 47 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੀ ਜਾਂਚ ਲਈ ਸਿਹਤ ਵਿਭਾਗ ਫ਼ਰੀਦਕੋਟ ਦੀ ਸਿਹਤ ਵਿਭਾਗ ਟੀਮ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਫ਼ਰੀਦਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ.ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਉੱਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਸ਼ੁਰੂ ਕੀਤਾ ਗਿਆ ਹੈ।
ਇਸ ਦੇ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੀ ਸਿਹਤ ਵਿਭਾਗ ਦੀ ਟੀਮ ਆਮ ਲੋਕਾਂ ਦੀ ਕੋਵਿਡ-19 ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕੋਵਿਡ-19 ਦੀ ਜਾਂਚ ਸਬੰਧੀ ਲੋਕਾਂ ਦੇ ਮਨ 'ਚ ਦਹਿਸ਼ਤ ਤੇ ਡਰ ਹੈ। ਅਕਸਰ ਲੋਕ ਕੋਰੋਨਾ ਵਾਇਰਸ ਦੀ ਜਾਂਚ ਸਬੰਧੀ ਸੋਚਦੇ ਹਨ ਕਿ ਇਸ ਟੈਸਟ ਲਈ ਬੇਹੋਸ਼ ਕੀਤਾ ਜਾਂਦਾ ਹੈ, ਨੱਕ ਜਾਂ ਗੱਲੇ 'ਚ ਸਿਲਾਈ ਮਾਰੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਗੱਲਾਂ ਮਹਿਜ਼ ਅਫਵਾਹਾਂ ਹਨ ਜੋ ਕਿ ਲੋਕਾਂ ਦੇ ਮਨਾਂ 'ਚ ਡਰ ਪੈਦਾ ਕਰਦੀਆਂ ਹਨ।
ਉਨ੍ਹਾਂ ਕੋਵਿਡ-19 ਦੀ ਸਹੀ ਜਾਂਚ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਕਟਰੀ ਟੀਮ ਵੱਲੋਂ ਮਰੀਜ਼ ਦਾ ਸੈਂਪਲ ਲੈਣ ਲਈ ਰੂਈ ਜਾਂ ਨਾਈਲਨ ਦੇ ਫਾਹੇ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਫਾਹੇ ਨੂੰ ਇੱਕ ਮੈਡੀਕਲ ਸਟਿਕ ਦੇ ਨਾਲ ਮਰੀਜ਼ ਦੇ ਨੱਕ ਜਾਂ ਗੱਲੇ ਵਿੱਚ ਸਿਰਫ ਛੂਹਿਆ ਜਾਂਦਾ ਹੈ ਤਾਂ ਜੋ ਵਾਇਰਸ ਦੇ ਕਣ ਰੂਈ ਨਾਲ ਚਿਪਕ ਜਾਣ ਤੇ ਬਾਅਦ 'ਚ ਇਸ ਨੂੰ ਇੱਕ ਟਿਊਬ 'ਚ ਇੱਕਤਰ ਕਰ ਸੀਲ ਕਰਕੇ ਜਾਂਚ ਲਈ ਭੇਜ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਇੱਕ ਸੈਂਪਲ ਲੈਣ 'ਚ ਮਹਿਜ਼ 60 ਸੈਕਿੰਡ ਦਾ ਸਮਾਂ ਲਗਦਾ ਹੈ ਤੇ ਇਸ ਦੇ ਲਈ ਡਾਕਟਰੀ ਟੀਮ, ਸੈਂਪਲ ਲੈਣ ਲਈ ਉਪਕਰਨ, ਸੁਰੱਖਿਆ ਕਿੱਟ ਪਹਿਨਣ ਤੇ ਮਰੀਜ਼ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਗ਼ਲਤ ਅਫ਼ਵਾਹਾਂ ਤੋਂ ਬੱਚਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਅਜਿਹੀਆਂ ਅਫਵਾਹਾਂ 'ਤੇ ਭਰੋਸਾ ਕਰ ਆਪਣਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਘਰ ਰਹਿ ਕੇ ਸੁਰੱਖਿਅਤ ਰਹਿਣ ਤੇ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ।