ਫਰੀਦਕੋਟ: ਪਿੰਡ ਕਾਉਣੀ 'ਚ ਪਾਣੀ ਦੀ ਕਿਲਤ ਕਾਰਨ ਸਾਰੇ ਲੋਕ ਪਰੇਸ਼ਾਨ ਸਨ, ਇਸ ਦਾ ਮੁੱਖ ਕਾਰਨ ਹੈ ਕਿ ਪਿੰਡ ਦੇ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ। ਪਿੰਡ ਦੀ ਇਸ ਵੱਡੀ ਸਮੱਸਿਆ ਨਾਲ ਨਜਿੱਠਣ ਲਈ ਪਿੰਡ ਵਾਸੀਆਂ ਨੇ ਮਿਲ ਕੇ ਸਾਂਝੇ ਤੌਰ 'ਤੇ ਪਿੰਡੋਂ ਬਾਹਰ ਵਗਦੀ ਗੰਗ ਕਨਾਲ ਦੇ ਕਿਨਾਰੇ ਬੋਰ ਕਰਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ। ਪਿੰਡ ਵਾਲਿਆਂ ਨੇ ਕਿਹਾ ਇਸ ਪੂਰੇ ਪ੍ਰਬੰਧ ਦਾ ਖਰਚਾ ਤੇ ਬਣਾਉਣ ਦਾ ਕੰਮ ਅਕਾਲੀ ਆਗੂ ਜਸਕਰਨ ਸਿੰਘ ਨੇ ਪੂਰਾ ਕਰਵਾਇਆ। ਜਸਕਰਨ ਸਿੰਘ ਦੀ ਜੇਬ ਵਿਚੋਂ ਇਸ ਕੰਮ ਲਈ ਲਗਭਗ 8 ਲੱਖ ਰੁਪਏ ਦਾ ਖਰਚ ਹੋਇਆ ਹੈ।
ਅਕਾਲੀ ਆਗੂ ਜਸਕਰਨ ਸਿੰਘ ਦੇ ਇਸ ਨੇਕ ਕੰਮ ਸਦਕਾ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਇਸ ਮੌਕੇ ਪਿੰਡ ਦੀ ਸਰਪੰਚ ਸੁਖਪਾਲ ਕੌਰ ਨੇ ਕਿਹਾ ਕਿ ਜਸਕਰਨ ਸਿੰਘ ਨੇ ਬਹੁਤ ਵੱਡਾ ਉਪਰਾਲਾ ਕਰ ਕੇ ਪਿੰਡ ਦੇ ਲੋਕਾਂ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡ 'ਚ ਭਾਈਚਾਰਕ ਸਾਂਝ ਚਾਹੁੰਦੇ ਹਨ ਤੇ ਇਥੇ ਕਿਸੇ ਤਰ੍ਹਾਂ ਦੀ ਧੜੇਬੰਦੀ ਜਾਂ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਅੱਗੇ ਕਿਹਾ ਕਿ ਜੋ ਇਸ ਸਬੰਧੀ ਮੁਕੱਦਮੇਂ ਦਰਜ ਹੋਏ ਹਨ ਉਹ ਵੀ ਰੱਦ ਹੋਣੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਜਸਕਰਨ ਸਿੰਘ ਅਕਾਲੀ ਆਗੂ ਹਨ ਤੇ ਉਨ੍ਹਾਂ ਵਿਰੁੱਧ ਕਾਂਗਰਸ ਨਾਲ ਜੁੜੇ ਕੁਝ ਲੋਕਾਂ ਨੇ ਉਨ੍ਹਾਂ ਖਿਲਾਫ਼ ਪਾਣੀ ਦੀਆਂ ਪਾਇਪਾਂ ਚੋਰੀ ਕਰਨ ਦਾ ਇਲਜ਼ਾਮ ਲਗਾ ਕੇ ਪਰਚਾ ਦਰਜ ਕਰਵਾਇਆ ਸੀ।