ਫਰੀਦਕੋਟ: ਨਗਰ ਕੌਂਸਲ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਮੁਕੰਮਲ ਹੋ ਚੁਕੀਆਂ ਹਨ ਅਤੇ ਵੀਰਵਾਰ ਨੂੰ ਸਾਰੇ ਉਮੀਦਵਾਰਾਂ ਦੇ ਕਾਗਜ਼ ਚੈਕ ਕੀਤੇ ਗਏ ਸਨ। ਇਸ ਦੌਰਾਨ ਨਗਰ ਕੌਂਸਲ ਫਰੀਦਕੋਟ ਦੇ ਵਾਰਡ ਨੰਬਰ 2 ਤੋਂ ਅਕਾਲੀ ਉਮੀਦਵਾਰ ਪੱਪੂ ਨਾਇਕ ਦੀ ਉਮੀਦਵਾਰੀ ਰੱਦ ਕੀਤੀ ਗਈ। ਇਸ ਨੂੰ ਲੈ ਕੇ ਅਕਾਲੀ ਦਲ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਇਸੇ ਦੇ ਚਲਦੇ ਅਕਾਲੀ ਉਮੀਦਵਾਰ ਪੱਪੂ ਨਾਇਕ ਨੇ ਆਪਣੇ ਸਮਰਥਕਾਂ ਸਮੇਤ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਗਜ਼ ਰੱਦ ਕੀਤੇ ਜਾਣ ਨੂੰ ਧੱਕੇ ਸਾਹੀ ਦਸਦਿਆਂ ਉਮੀਦਵਾਰੀ ਬਹਾਲ ਰੱਖਣ ਦੀ ਮੰਗ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਪੱਪੂ ਨਾਇਕ ਨੇ ਕਿਹਾ ਕਿ ਜਿਸ ਵਕਤ ਉਸ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਸਨ ਤਾਂ ਕਾਗਜ਼ ਲੈਣ ਵਾਲੇ ਮੁਲਾਜਮਾਂ ਨੇ ਮੇਰੇ ਤੋਂ ਇੱਕ ਕਾਗਜ਼ ਜੋ ਮੈਂ ਸਹੀ ਲਗਾਇਆ ਸੀ ਕਢਵਾ ਕੇ ਉਸ ਜਗ੍ਹਾ ਹੋਰ ਕਾਗਜ਼ ਲਗਵਾ ਦਿੱਤਾ ਅਤੇ ਕਾਗਜ਼ ਜਮਾਂ ਕਰ ਲਏ ਪਰ ਹੁਣ ਉਸੇ ਕਾਗਜ਼ ਨੂੰ ਆਧਾਰ ਬਣਾ ਕੇ ਜੋ ਉਨ੍ਹਾਂ ਖੁਦ ਲਗਵਾਇਆ ਸੀ ਮੇਰੀ ਉਮੀਦਵਾਰੀ ਰੱਦ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨਨਿਕ ਅਧਿਕਾਰੀਆਂ ਨੇ ਸੱਤਾਧਾਰੀ ਪਾਰਟੀ ਦੀ ਸ਼ਹਿ ਤੇ ਉਸ ਨਾਲ ਧੱਕੇਸ਼ਾਹੀ ਕੀਤੀ ਹੈ ਜਿਸ ਦਾ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਇਸ ਮੌਕੇ ਹਲਕਾ ਇੰਚਾਰਜ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਵਿੱਚ ਆਪਣਾ ਅਧਾਰ ਗਵਾ ਚੁਕੀ ਹੈ। ਇਸ ਲਈ ਮੁਕਾਬਲਾ ਕਰਨ ਤੋਂ ਡਰਦਿਆਂ ਸਰਕਾਰੀ ਮੁਲਾਜਮਾਂ ਰਾਂਹੀ ਗਲਤ ਢੰਗ ਨਾਲ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸਨ ਨੇ ਕੋਈ ਇਨਸਾਫ ਨਾ ਦਿੱਤਾ ਤਾਂ ਉਹ ਮਾਨਯੋਗ ਅਦਾਲਤ ਦਾ ਰੁਖ ਕਰਨਗੇ।
ਇਸ ਪੂਰੇ ਮਾਮਲੇ ਸਬੰਧੀ ਜਦ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੀਤ ਮਹਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਆਪਣੇ ਨੌਮੀਨੇਸ਼ਨ ਫਾਰਮਾਂ ਵਿੱਚ ਪਰਪੋਜਰ ਗਲਤ ਵਾਰਡ ਦਾ ਲਗਾਇਆ ਗਿਆ ਸੀ ਜਿਸ ਕਾਰਨ ਉਨ੍ਹਾਂ ਦੇ ਕਾਗਜ ਰੱਦ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਦਾ ਵਫਦ ਡਿਪਟੀ ਕਮਿਸ਼ਨਰ ਅਤੇ ਚੋਣ ਅਬਜ਼ਰਵਰ ਨੂੰ ਵੀ ਮਿਲਿਆ ਹੈ।