ਫਰੀਦਕੋਟ: ਇਹਨੀਂ ਦਿਨੀ ਨੌਜਵਾਨ ਚੰਗੇਰੇ ਭਵਿੱਖ ਅਤੇ ਰੁਜ਼ਗਾਰ ਦੀ ਤਲਾਸ਼ 'ਚ ਵਿਦੇਸ਼ਾ ਵੱਲ ਨੂੰ ਕੂਚ ਕਰ ਰਹੇ ਹਨ ਪਰ ਅਜਿਹੇ ਵਿਚ ਕੁਝ ਠੱਗ ਕਿਸਮ ਦੇ ਲੋਕ ਅਜਿਹੇ ਨੌਜਵਾਨਾਂ ਨੂੰ ਆਪਣੇ ਲਾਲਚ ਵੱਸ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ, ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਕੋਟਕਪੂਰਾ ਦੇ ਦੇਵੀ ਵਾਲਾ ਰੋਡ ਤੋਂ ਜਿੱਥੋਂ ਦੀ ਰਹਿਣ ਵਾਲੀ ਇਕ ਗਰੀਬ ਪਰਿਵਾਰ ਦੀ ਲੜਕੀ ਆਪਣੇ ਮਾਂ ਬਾਪ ਦੇ ਸੁਪਨਿਆ ਨੂੰ ਪੂਰਾ ਕਰਨ ਦੇ ਮਕਸਦ ਨਾਲ ਇਕ ਟਰੈਵਲ ਏਜੰਟ ਰਾਹੀਂ ਦੁਬਈ ਗਈ ਸੀ, ਜਿਸ ਨੂੰ ਮਾਪਿਆਂ ਨੇ ਲੋਕਾਂ ਤੋਂ ਉਧਾਰੇ ਪੈਸੇ ਫੜ੍ਹ ਕੇ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਕੇ ਕਰੀਬ 50 ਹਜਾਰ ਰੁਪਏ ਖਰਚ ਕਰ ਕੇ ਦੁਬਈ ਭੇਜਿਆ ਸੀ। ਪਰ ਇਹਨੀਂ ਦਿਨੀ ਉਸ ਨਾਲ ਪਰਿਵਾਰ ਦਾ ਕੋਈ ਸੰਪਰਕ ਨਹੀਂ ਹੋ ਰਿਹਾ।
ਸਦਮੇਂ 'ਚ ਹੈ ਪਰਿਵਾਰ: ਜਿਹੜੇ ਰਿਸ਼ਤੇਦਾਰਾਂ ਨੇ ਏਜੰਟ ਨਾਲ ਮਿਲਵਾਇਆ ਸੀ ਉਹ ਵੀ ਕੋਈ ਰਾਹ ਨਹੀਂ ਪਾ ਰਿਹਾ ਅਤੇ ਵਿਦੇਸ਼ ਵਿਚ ਬੈਠਾ ਏਜੰਟ ਪਰਿਵਾਰ ਤੋਂ ਕਰੀਬ ਸਵਾ ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਅਤੇ ਕਹਿ ਰਿਹਾ ਕਿ ਉਹ ਉਨਾਂ ਚਿਰ ਲੜਕੀ ਨਾਲ ਪਰਿਵਾਰ ਦੀ ਗੱਲ ਨਹੀਂ ਕਰਵਾਏਗਾ। ਜਿੰਨਾਂ ਦੇਰ ਤੱਕ ਉਸ ਨੂੰ ਪੈਸੇ ਨਹੀਂ ਭੇਜੇ ਜਾਂਦੇ। ਪਰਿਵਾਰ ਇਸ ਵਕਤ ਸਦਮੇਂ ਵਿਚ ਹੈ ਅਤੇ ਪਰਿਵਾਰ ਦੀ ਅਜਿਹੀ ਹਾਲਤ ਵੀ ਨਹੀਂ ਕਿ ਉਹ ਵਿਦੇਸ਼ ਬੈਠੇ ਏਜੰਟ ਨੂੰ ਪੈਸੇ ਭੇਜ ਸਕਣ। ਗੱਲਬਾਤ ਕਰਦਿਆ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੇ 3 ਧੀਆਂ ਹਨ ਅਤੇ ਲੜਕਾ ਨਹੀਂ ਹੈ। ਉਸ ਦਾ ਪਤੀ ਦਿਹਾੜੀ ਮਜਦੂਰੀ ਕਰਦਾ ਹੈ ਅਤੇ ਮਸਾਂ ਘਰ ਦਾ ਗੁਜਾਰਾ ਚਲਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਇਕ ਲੜਕੀ ਜੋ ਦਸਵੀਂ ਪਾਸ ਸੀ ਨੂੰ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਵੱਲੋਂ ਮਿਲਵਾਏ ਇਕ ਏਜੰਟ ਰਾਹੀਂ ਇਕ ਹੋਰ ਲੜਕੀ ਸਮੇਤ ਦੁਬਈ ਭੇਜਿਆ ਸੀ। ਕਰੀਬ 4 ਮਹੀਨੇ ਪਹਿਲਾਂ ਉਹਨਾਂ ਨੇ ਆਪਣੀ ਲੜਕੀ ਨੂੰ ਦੁਬਾਈ ਭੇਜਿਆ ਸੀ।
ਲੋਕਾਂ ਤੋਂ ਪੈਸੇ ਉਧਾਰੇ ਲੈ ਕੇ ਆਪਣੀ ਬੇਟੀ ਨੂੰ ਬਾਹਰ ਭੇਜਿਆ: ਉਹਨਾਂ ਦੱਸਿਆ ਕਿ ਜਦੋਂ ਉਹਨਾਂ ਦੀ ਬੇਟੀ ਦੁਬਈ ਗਈ ਤਾਂ ਉਥੇ ਉਸ ਨੂੰ ਕੋਈ ਕੰਮ ਤੇ ਨਹੀਂ ਲਗਵਾਇਆ ਗਿਆ, ਸਗੋਂ ਗਲਤ ਕੰਮਾਂ ਲਈ ਦਬਾਅ ਪਾਇਆ ਜਾਣ ਲੱਗਾ। ਉਹਨਾਂ ਦੱਸਿਆ ਕਿ ਉਸ ਤੋਂ ਬਾਅਦ ਜਦ ਉਹਨਾਂ ਦੀ ਬੇਟੀ ਨੇ ਵਾਪਸ ਆਉਣਾ ਚਾਹਿਆ ਤਾਂ ਵਿਦੇਸ਼ ਬੈਠੇ ਏਜੰਟ ਨੇ ਉਹਨਾਂ ਤੋਂ ਸਵਾ ਲੱਖ ਰੁ.ਦੀ ਮੰਗ ਕੀਤੀ। ਪਰ ਉਹਨਾਂ ਨੇ ਤਾਂ ਪਹਿਲਾਂ ਹੀ ਲੋਕਾਂ ਤੋਂ ਪੈਸੇ ਉਧਾਰੇ ਲੈਕੇ ਆਪਣੀ ਬੇਟੀ ਨੂੰ ਬਾਹਰ ਭੇਜਿਆ ਸੀ। ਇਸ ਲਈ ਉਹ ਏਜੰਟ ਨੂੰ ਪੈਸੇ ਨਹੀਂ ਭੇਜ ਸਕੇ। ਉਹਨਾਂ ਦੱਸਿਆ ਕਿ ਉਦੋਂ ਤੋਂ ਹੀ ਉਹਨਾ ਦੀ ਬੇਟੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਹੁਣ ਪਿਛਲੇ 15 ਦਿਨਾਂ ਤੋਂ ਉਹਨਾਂ ਦਾ ਆਪਣੀ ਬੇਟੀ ਨਾਲ ਸੰਪਰਕ ਨਹੀਂ ਹੋ ਰਿਹਾ। ਏਜੰਟ ਗੱਲ ਨਹੀਂ ਕਰਵਾ ਰਿਹਾ ਸਗੋਂ ਪੈਸਿਆ ਦੀ ਮੰਗ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਪਤਾ ਨਹੀਂ ਉਹਨਾਂ ਦੀ ਬੱਚੀ ਨਾਲ ਕੀ ਭਾਣਾ ਵਾਪਰਿਆ ਹੈ। ਉਹਨਾਂ ਦੱਸਿਆ ਕਿ ਲੋਕਲ ਏਜੰਟ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਸ ਨੇ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿਤਾ, ਜਦੋਂ ਉਹਨਾਂ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ। ਪੀੜਤ ਔਰਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀ ਬੱਚੀ ਨੂੰ ਸਹੀ ਸਲਾਮਤ ਵਾਪਸ ਲਿਆਦਾ ਜਾਵੇ ਅਤੇ ਉਹਨਾਂ ਨਾਲ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।