ਫਰੀਦਕੋਟ: 5 ਮਈ 2014 ਨੂੰ ਫਰੀਦਕੋਟ ਦਾ ਮਨੋਜ ਕਪੂਰ ਉਸ ਵਕਤ ਲਾਪਤਾ ਹੋ ਗਿਆ ਸੀ ਜਦੋਂ ਉਹ ਘਰੋਂ ਇਹ ਕਹਿ ਕਿ ਬਾਹਰ ਗਿਆ ਕਿ ਮੈਂ ਹੁਣੇ ਆਇਆ ਪਰ ਮਨੋਜ ਅੱਜ 7 ਸਾਲ ਬੀਤ ਜਾਣ ਬਾਅਦ ਵੀ ਘਰ ਨਹੀਂ ਪਰਤਿਆ । ਪਰਿਵਾਰ ਵੱਲੋਂ ਮਨੋਜ ਦਾ ਥਹੁ ਪਤਾ ਲਗਾਉਣ ਲਈ ਪਹਿਲਾਂ ਫਰੀਦਕੋਟ ਵਿਚ ਕਈ ਮਹੀਨੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਅਦ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਗੁਹਾਰ ਲਗਾ ਕੇ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਏ ਜਾਣ ਦੀ ਮੰਗ ਕੀਤੀ ਪਰ ਅੱਜ 7 ਸਾਲ ਬੀਤ ਜਾਣ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।
ਹੁਣ ਪੰਜਾਬ ਪੁਲਿਸ ਵਾਂਗ ਸੀਬੀਆਈ ਵੀ ਇਸ ਕੇਸ ਵਿਚ ਹੱਥ ਖੜ੍ਹੇ ਕਰਨ ਜਾ ਰਹੀ ਹੈ।ਮਨੋਜ ਕਪੂਰ ਨੂੰ ਦੇ ਲਾਪਤਾ ਹੋਇਆ 7 ਸਾਲ ਬੀਤ ਜਾਣ ਤੇ ਵੀ ਕੋਈ ਥਹੁ ਪਤਾ ਨਾਂ ਲੱਗਣ ਦੇ ਚਲਦੇ ਅੱਜ ਮਨੋਜ ਦੇ ਪਰਿਵਾਰ ਨੇ ਫਰੀਦਕੋਟ ਵਿਚ ਵਿਸੇਸ ਪ੍ਰੈਸ ਕਾਨਫਰੰਸ ਕਰ ਜਿੱਥੇ ਪੁਲਿਸ ਅਤੇ ਸੀਬੀਆਈ ਵੱਲੋਂ ਕੀਤੀ ਗਈ ਜਾਂਚ ਤੇ ਸਵਾਲ ਉਠਾਏ ਉਥੇ ਹੀ ਉਹਨਾਂ ਬੀਜੇਪੀ ਆਗੂਆਂ ਦੀ ਕਥਿਤ ਮਾਲਕੀ ਵਾਲੀ ਆਈਐਸਆਈਐਸ ਪ੍ਰੋਸੀਜਰ ਕੰਪਨੀ ਦੀ ਭੂਮਿਕਾ ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਮਨੋਜ ਕਪੂਰ ਦੇ ਲਾਪਤਾ ਹੋਣ ਪਿਛੇ ਕੰਪਨੀ ਦੇ ਹੀ ਕਥਿਤ ਕੁਝ ਲੋਕਾਂ ਦਾ ਹੱਥ ਹੋਣ ਦੀ ਗੱਲ ਕਹੀ।
ਮਨੋਜ ਦੀ ਭੈਣ ਨੀਤੂ ਕਪੂਰ ਨੇ ਕਿਹਾ ਕਿ ਇਹ ਕੰਪਨੀ ਬੀਜੇਪੀ ਆਗੂਆਂ ਦੀ ਹੈ ਅਤੇ ਇਸ ਵਿਚ ਹੋ ਰਹੀ ਵੱਡੀ ਘਪਲੇਬਾਜੀ ਦਾ ਮਨੋਜ ਨੂੰ ਪਤਾ ਚੱਲ ਗਿਆ ਸੀ ਅਤੇ ਉਹ ਇਸ ਨੂੰ ਜਨਤਕ ਕਰਨਾ ਚਹੁੰਦਾ ਸੀ ਜਿਸ ਦੇ ਚਲਦੇ ਉਹਨਾਂ ਦੇ ਭਰਾ ਨੂੰ ਅਗਵਾ ਕੀਤਾ ਗਿਆ । ਉਹਨਾਂ ਕਿਹਾ ਕਿ ਇਸ ਸੰਬੰਧੀ ਸਾਨੂੰ ਕੁਝ ਸਬੂਤ ਵੀ ਮਿਲੇ ਸਨ ਪਰ ਜਾਂਚ ਕਰ ਰਹੀ ਪੁਲਿਸ ਨੇ ਉਹਨਾਂ ਦੀ ਇਕ ਨਹੀਂ ਸੁਣੀ ਅਤੇ ਉਹਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ।
ਉਹਨਾਂ ਕਿਹਾ ਕਿ ਅਸੀਂ ਲੰਬੇ ਸੰਘਰਸ਼ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਮਦਦ ਨਾਲ ਕੇਸ ਦੀ ਜਾਂਚ ਸੀਬੀਆਈ ਨੂੰ ਦਵਾਈ ਸੀ ਅਤੇ ਸਾਨੂੰ ਆਸ ਸੀ ਕਿ ਸੀਬੀਆਈ ਮਨੋਜ ਕਪੂਰ ਦਾ ਕੋਈ ਨਾਂ ਕੋਈ ਥਹੁ ਪਤਾ ਲਗਾ ਲਵੇਗੀ ਪਰ ਸੀਬੀਆਈ ਟੀਮ ਵੀ ਇਸ ਮਾਮਲੇ ਵਿਚ ਕੋਈ ਬਹੁਤਾ ਇਨਸਾਫ ਨਹੀਂ ਕਰ ਸਕੀ ਅਤੇ ਹੁਣ ਇਸ ਟੀਮ ਨੇ ਆਪਣੀ ਕਲੋਜਰ ਰਿਪੋਰਟ ਮਾਨਯੋਗ ਅਦਾਲਤ ਵਿਚ ਪੇਸ ਕਰ ਕੇ ਇਸ ਮਾਮਲੇ ਤੋਂ ਆਪਣੇ ਹੱਖ ਖੜ੍ਹੇ ਕਰ ਦਿੱਤੇ ਹਨ।