ਚੰਡੀਗੜ੍ਹ: ਖਾਲਿਸਤਾਨ ਕਮਾਂਡੋ ਪਰਮਜੀਤ ਸਿੰਘ ਪੰਜਵੜ ਨੂੰ 6 ਮਈ ਸ਼ਨੀਵਾਰ ਦੇ ਦਿਨ ਪਾਕਿਸਤਾਨ ਦੇ ਲਾਹੌਰ ਵਿਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਪਰਮਜੀਤ ਪੰਜਵੜ ਦੀ ਮੌਤ ਤੋਂ ਬਾਅਦ ਖਾਲਿਸਤਾਨ ਦੇ ਮਨਸੂਬੇ ਘੜਨ ਵਾਲੇ ਵੱਡੇ ਖੌਫ ਦਾ ਅੰਤ ਹੋਇਆ ਹੈ। ਪੰਜਵੜ ਲਾਹੌਰ ਵਿੱਚ ਬੈਠ ਕੇ ਖਾਲਿਸਤਾਨ ਪੱਖੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ। ਪੰਜਵੜ ਆਪਣੀ ਜਥੇਬੰਦੀ ਖਾਲਿਸਤਾਨ ਕਮਾਂਡੋ ਫੋਰਸ ਨੂੰ ਦਹਿਸ਼ਤਗਰਦੀ ਗਤੀਵਿਧੀਆਂ ਰਾਹੀਂ ਜਿਊਂਦਾ ਰੱਖ ਰਿਹਾ ਸੀ। ਖਾਲਿਸਤਾਨ ਕਮਾਂਡੋ ਫੋਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਪੰਜਵੜ ਨੇ ਆਪਣੇ ਸੰਗਠਨ ਨੂੰ ਕਾਫੀ ਮਜ਼ਬੂਤ ਕੀਤਾ। ਪਾਕਿਸਤਾਨ ਤੋਂ ਬਾਅਦ ਕੈਨੇਡਾ, ਬ੍ਰਿਟੇਨ ਅਤੇ ਜਰਮਨੀ ਤੱਕ ਉਸਨੇ ਆਪਣੀ ਸਲਤਨਤ ਕਾਇਮ ਕੀਤੀ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਕਾਲੀ ਸੂਚੀ ਵਿਚ ਪਰਮਜੀਤ ਪੰਜਵੜ ਦਾ ਨਾਂ ਸ਼ਾਮਿਲ ਸੀ। ਪੰਜਵੜ ਤੋਂ ਇਲਾਵਾ ਕੇਂਦਰ ਸਰਕਾਰ ਦੀ ਕਾਲੀ ਸੂਚੀ ਵਿੱਚ ਹੋਰ ਵੀ ਨਾਂ ਹਨ, ਜੋ ਕੇਂਦਰ ਸਰਕਾਰ ਦੀ ਰਡਾਰ 'ਤੇ ਚੱਲ ਰਹੇ। ਕਈ ਖਾਲਿਸਤਾਨੀ ਜਥੇਬੰਦੀਆਂ ਜੋ ਭਾਰਤ ਖ਼ਿਲਾਫ਼ ਵਿਦੇਸ਼ਾਂ ਵਿਚ ਬੈਠ ਕੇ ਮਨਸੂਬੇ ਘੜ ਰਹੀਆਂ ਹਨ ਉਹਨਾਂ ਨੂੰ ਵੀ ਕੇਂਦਰ ਸਰਕਾਰ ਨੇ ਹਿੱਟ ਲਿਸਟ 'ਤੇ ਰੱਖਿਆ ਹੈ।
ਪੰਜਵੜ ਦਾ ਨਾਂ ਇਹਨਾਂ ਅਪਰਾਧਿਕ ਮਾਮਲਿਆਂ 'ਚ ਰਿਹਾ : ਖਾਲਿਸਤਾਨ ਕਮਾਂਡੋ ਫੋਰਸ ਦੇ ਮੁੱਖੀ ਪਰਮਜੀਤ ਪੰਜਵੜ ਦਾ ਨਾਂ ਕਈ ਸੰਗੀਨ ਅਪਰਾਧਾਂ ਵਿਚ ਦਰਜ ਰਿਹਾ। 30 ਜੂਨ 1999 ਨੂੰ ਚੰਡੀਗੜ੍ਹ ਦੇ ਪਾਸਪੋਰਟ ਦਫ਼ਤਰ ਨੇੜੇ ਬੰਬ ਧਮਾਕਾ ਹੋਇਆ ਜਿਸਦਾ ਜ਼ਿੰਮੇਵਾਰੀ ਪਰਮਜੀਤ ਪੰਜਵੜ ਨੇ ਲਈ ਸੀ। ਧਮਾਕੇ 'ਚ ਚਾਰ ਲੋਕ ਜ਼ਖਮੀ ਹੋ ਹੋਏ ਅਤੇ ਕਈ ਵਾਹਨ ਨੁਕਸਾਨੇ ਗਏ। ਜਾਂਚ ਵਿਚ ਪਤਾ ਲੱਗਾ ਕਿ ਬੰਬ ਇੱਕ ਸਕੂਟਰ ਦੇ ਟਰੰਕ ਵਿੱਚ ਰੱਖਿਆ ਗਿਆ ਸੀ। ਇਸ ਸਕੂਟਰ ਦੀ ਰਜਿਸਟ੍ਰੇਸ਼ਨ ਪਾਣੀਪਤ, ਹਰਿਆਣਾ ਦੀ ਸੀ। ਤਰਨਤਾਰਨ ਦੇ ਝਬਾਲ ਦਾ ਰਹਿਣ ਵਾਲਾ ਪੰਜਵੜ 1990 ਵਿਚ ਪਾਕਿਸਤਾਨ ਭੱਜ ਗਿਆ ਸੀ। ਬਾਅਦ 'ਚ ਉਹ ਪੰਜਾਬ 'ਚ ਅੱਤਵਾਦੀਆਂ ਦੇ ਸੰਪਰਕ 'ਚ ਆਇਆ ਅਤੇ ਆਪਣਾ ਅੱਤਵਾਦੀ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ ਬਣਾ ਲਿਆ। ਹੁਣ ਤੱਕ ਇਹ ਚਰਚਾਵਾਂ ਸਾਹਮਣੇ ਆਉਂਦੀਆਂ ਰਹੀਆਂ ਕਿ ਆਈਐਸਆਈ ਦੇ ਹੱਥਾਂ ਦੀ ਕਠਪੁਤਲੀ ਬਣਿਆ ਪੰਜਵੜ ਭਾਰਤ ਵਿਚ ਡਰੋਨ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਰਿਹਾ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਜਿਸ਼ਾ ਰਚਦਾ ਰਿਹਾ।
ਇਹਨਾਂ ਖਾਲਿਸਤਾਨ ਜਥੇਬੰਦੀਆਂ ਨੂੰ ਕੀਤਾ ਬੈਨ : ਕੇਂਦਰ ਸਰਕਾਰ ਵੱਲੋਂ ਭਾਰਤ ਵਿਚ ਕਈ ਖਾਲਿਸਤਾਨੀ ਜਥੇਬੰਦੀਆਂ 'ਤੇ ਬੈਨ ਲਗਾਇਆ ਗਿਆ ਹੈ। ਇਹਨਾਂ ਵਿਚੋਂ ਜ਼ਿਆਦਾ ਵਿਦੇਸ਼ਾਂ ਅਤੇ ਕੁਝ ਗੁਆਂਢੀ ਮੁਲਕ ਪਾਕਿਸਤਾਨ ਵਿਚ ਬੈਠ ਕੇ ਆਪਣੀ ਖਾਲਿਸਤਾਨ ਪੱਖੀ ਮੁਹਿੰਮ ਚਲਾ ਰਹੇ ਹਨ। ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਇੰਟਰਨੈਸ਼ਲ ਸਿੱਖ ਯੂਥ ਫੈਡਰਸ਼ਨ ਨੂੰ ਭਾਰਤ ਵਿਚ ਬੈਨ ਕੀਤਾ ਗਿਆ। ਕੇਂਦਰੀ ਜਾਂਚ ਏਜੰਸੀ ਐਨਆਈਏ ਨੇ ਇਹਨਾਂ ਜਥੇਬੰਦੀਆਂ ਨੂੰ ਆਪਣੀ ਰਡਾਰ 'ਤੇ ਰੱਖਿਆ ਹੋਇਆ ਹੈ।
ਬਲੈਕ ਲਿਸਟ ਵਾਲੇ ਖਾਲਿਸਤਾਨ ਸਮਰਥਕ : ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਤੰਬਰ 2019 ਵਿਚ ਚੌਥੀ ਸੂਚੀ ਜਾਰੀ ਕੀਤੀ ਜਿਸ ਵਿਚ 9 ਵਿਅਕਤੀਆਂ ਨੂੰ ਗੈਰ ਕਾਨੂੰਨੀ ਅਤੇ ਅੱਤਵਾਦੀ ਗਤੀਵਿਧੀਆਂ ਤਹਿਤ ਦੇਸ਼ ਲਈ ਖਤਰਾ ਐਲਾਨਿਆ। ਇਹਨਾਂ ਸਾਰਿਆਂ ਨੂੰ ਯੂਏਪੀਏ ਦੇ ਅਧੀਨ ਰੱਖਿਆ ਗਿਆ ਹੈ। ਇਸ ਸੂਚੀ ਵਿਚ ਖਾਲਿਸਤਾਨ ਜਥੇਬੰਦੀਆਂ ਦੇ ਵੱਡੇ ਆਗੂਆਂ ਦੇ ਨਾਂ ਸ਼ਾਮਿਲ ਹਨ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ ਬੱਬਰ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਰਣਜੀਤ ਸਿੰਘ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਲਖਬੀਰ ਸਿੰਘ, ਖਾਲਿਸਤਾਨ ਕਮਾਂਡੋ ਫੋਰਸ ਦੇ ਪਰਮਜੀਤ ਸਿੰਘ ਪੰਜਵੜ ਜੋ ਕਿ ਪਾਕਿਸਤਾਨ ਵਿਚ ਬੈਠ ਕੇ ਖਾਲਿਸਤਾਨ ਪੱਖੀ ਮੁਹਿੰਮ ਚਲਾਉਂਦੇ ਹਨ। ਇਹਨਾਂ ਨੂੰ ਕੇਂਦਰ ਸਰਕਾਰ ਨੇ ਕਾਲੀ ਸੂਚੀ ਵਿਚ ਰੱਖਿਆ ਹੈ। ਹਾਲ ਹੀ 'ਚ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋ ਗਿਆ ਹੈ। ਇਸ ਤੋਂ ਇਲਾਵਾ ਜਰਮਨੀ ਵਿਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਭੁਪਿੰਦਰ ਸਿੰਘ ਭਿੰਦਾ, ਜਰਮਨੀ ਵਿਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਹੀ ਗੁਰਮੀਤ ਸਿੰਘ ਬੱਗਾ, ਅਮਰੀਕਾ ਵਿਚ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ, ਕੈਨੇਡਾ ਵਿਚ ਖਾਲਿਸਤਾਨ ਟਾਈਗਰ ਫੋਰਸ ਦੇ ਹਰਦੀਪ ਸਿੰਘ ਨਿੱਜਰ ਅਤੇ ਇੰਗਲੈਂਡ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪਰਮਜੀਤ ਸਿੰਘ ਨੂੰ ਕੇਂਦਰ ਸਰਕਾਰ ਨੇ ਚੌਥੀ ਸੂਚੀ ਵਿਚ ਸ਼ਾਮਿਲ ਕੀਤਾ ਹੈ।
ਮੋਸਟ ਵਾਂਟੇਡ 9 ਖਾਲਿਸਤਾਨੀਆਂ ਦੇ ਅਪਰਾਧ
- ਕੇਂਦਰ ਸਰਕਾਰ ਵੱਲੋਂ ਜਿਹਨਾਂ 9 ਖਾਲਿਸਤਾਨੀ ਸਮਰਥਕਾਂ ਦਾ ਨਾਂ ਕਾਲੀ ਸੂਚੀ ਵਿਚ ਜਾਰੀ ਕੀਤਾ ਹੈ, ਉਹ ਕਈ ਅਪਰਾਧਾਂ ਵਿਚ ਮੋਸਟ ਵਾਂਟੇਡ ਹਨ।
- ਵਧਾਵਾ ਸਿੰਘ ਬੱਬਰ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਸਮੇਂ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਅਤੇ 2004 ਵਿਚ ਕਤਲ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਭਜਾਉਣ ਦੇ ਦੋਸ਼ ਹਨ।
- ਰਣਜੀਤ ਸਿੰਘ 'ਤੇ 1988 ਤੋਂ 1999 ਦਰਮਿਆਨ ਜੰਮੂ ਅਤੇ ਪਠਾਨਕੋਟ ਵਿਚਾਲੇ ਚੱਲਣ ਵਾਲੀਆਂ ਰੇਲਗੱਡੀਆਂ ਅਤੇ ਬੱਸਾਂ ਵਿੱਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਅੱਧੀ ਦਰਜਨ ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ।
- ਲਖਬੀਰ ਸਿੰਘ ਉਰਫ਼ ਲਖਬੀਰ ਸਿੰਘ ਰੋਡੇ ਉੱਤੇ ਲੁਧਿਆਣਾ ਬੰਬ ਬਲਾਸਟ ਦੀ ਸਾਜਿਸ਼, ਪਾਕਿਸਤਾਨ ਵੱਲੋਂ ਪਾਸੇ ਤੋਂ ਹਥਿਆਰ- ਡਰੱਗ ਮੰਗਵਾਉਣ ਅਤੇ ਟਿਫਨ ਬੰਬ ਦੇ ਦੋਸ਼ ਲੱਗੇ।
- ਭੁਪਿੰਦਰ ਸਿੰਘ ਭਿੰਦਾ 'ਤੇ 12 ਵੱਖ- ਵੱਖ ਮਾਮਲੇ ਦਰਜ ਹਨ ਜਿਹਨਾਂ ਵਿਚ ਬੰਬ ਧਮਾਕੇ ਅਤੇ ਕਤਲ ਕੇਸ ਦੇ ਦੋਸ਼ ਹਨ।ਗੁਰਮੀਤ ਸਿੰਘ ਬੱਗਾ ਉੱਤੇ ਵੀ 12 ਵੱਖ- ਵੱਖ ਮਾਮਲੇ ਦਰਜ ਹਨ ਜਿਹਨਾਂ ਵਿਚ ਬੰਬ ਧਮਾਕੇ ਅਤੇ ਕਤਲ ਦੇ ਦੋਸ਼ ਹਨ।
- ਗੁਰਪਤਵੰਤ ਸਿੰਘ ਪਨੂੰ ਅਮਰੀਕਾ ਵਿਚ ਰਹਿ ਕੇ ਰੈਫਰੇਂਡਮ 2020 ਦੀ ਅਗਵਾਈ ਕਰ ਰਿਹਾ ਹੈ। ਉਸ ਉੱਤੇ ਨੌਜਵਾਨ ਨੂੰ ਉਕਸਾ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੇ ਦੋਸ਼ ਹਨ।
- ਹਰਦੀਪ ਸਿੰਘ ਨਿੱਜਰ 'ਤੇ ਸੋਸ਼ਲ ਮੀਡੀਆ ਰਾਹੀਂ ਨਫ਼ਰਤ ਫੈਲਾਉਣ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਮਲੇਰੀਆ ਨੇ ਪਸਾਰੇ ਪੈਰ, ਸਿਹਤ ਵਿਭਾਗ ਨੇ ਕੰਟਰੋਲ ਲਈ ਕੀਤੇ ਪ੍ਰਬੰਧ, ਜਾਣੋ ਪੰਜਾਬ ਮਲੇਰੀਆ ਮੁਕਤ ਮਿਸ਼ਨ ਦੇ ਕਿੰਨਾ ਨਜ਼ਦੀਕ ?
ਅਗਲਾ ਨੰਬਰ ਕਿਸਦਾ ? : ਭਾਰਤੀ ਸੈਨਾ ਦੇ ਰਿਟਾਈਰਡ ਕਰਨਲ ਵਿਪੀਨ ਪਾਠਕ ਕਹਿੰਦੇ ਹਨ ਕਿ ਪਰਮਜੀਤ ਸਿੰਘ ਪੰਜਵੜ ਦੇ ਕਤਲ ਬਾਰੇ ਕੁਝ ਸਪਸ਼ਟ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਕਤਲ ਦੇ ਕਾਰਨ ਅਤੇ ਕਾਤਲਾਂ ਦਾ ਕੁਝ ਪਤਾ ਨਹੀਂ। ਪਰ ਇਸਦੇ ਪਿੱਛੇ 3 ਤੱਥ ਕੰਮ ਕਰ ਸਕਦੇ ਹਨ ਜਿਹਨਾਂ ਵਿਚ ਇਹ ਕਤਲ ਆਪਸੀ ਰੰਜਿਸ਼ ਕਾਰਨ ਹੋਇਆ ਹੋ ਸਕਦਾ, ਇਸ ਕਤਲ ਪਿੱਛੇ ਆਈਐਸਆਈ ਦਾ ਹੱਥ ਹੋ ਸਕਦਾ ਹੈ ਜਾਂ ਫਿਰ ਖਾਲਿਸਤਾਨ ਕਮਾਂਡੋ ਫੋਰਸ ਦਾ ਹੀ ਕੋਈ ਆਗੂ ਪਰਮਜੀਤ ਸਿੰਘ ਪੰਜਵੜ ਦਾ ਕਤਲ ਕਰ ਸਕਦਾ ਤਾਂ ਉਸਦੀ ਥਾਂ ਉਹ ਖੁਦ ਇਸ ਸੰਗਠਨ ਦਾ ਮੁੱਖੀ ਬਣ ਸਕੇ। ਅਜਿਹਾ ਵਰਤਾਰਾ ਤਾਂ ਕਿਸੇ ਵੀ ਖਾਲਿਸਤਾਨੀ ਦੇ ਸੰਗਠਨ ਨਾਲ ਹੋ ਸਕਦਾ ਹੈ। ਵਿਦੇਸ਼ਾਂ ਵਿਚ ਬੈਠਾ ਡਾਇਸਪੋਰਾ ਖਾਲਿਸਤਾਨ ਨੂੰ ਭਾਰੀ ਸਮਰਥਨ ਕਰਦਾ ਹੈ ਅਤੇ ਖਾਲਿਸਤਾਨ ਦੇ ਨਾਂ ਤੇ ਪੰਜਾਬ ਅਤੇ ਦੇਸ਼ ਭਰ ਵਿਚ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਇਹ ਵੀ ਹੋ ਸਕਦਾ ਹੈ ਕਿ ਪੰਜਵੜ ਭਾਰਤ ਸਰਕਾਰ ਦੇ ਸੰਪਰਕ ਵਿਚ ਹੋਵੇ ਅਤੇ ਭਾਰਤ ਵਾਪਸ ਆਉਣਾ ਚਾਹੁੰਦਾ ਹੋਵੇ ਤਾਂ ਕਰਕੇ ਉਸਦਾ ਕਤਲ ਕੀਤਾ ਗਿਆ ਹੋਵੇ। ਇਹ ਗੁਝਾ ਭੇਦ ਹੁੰਦਾ ਹੈ ਜਿਹਨਾਂ ਦਾ ਸਪਸ਼ਟ ਅਤੇ ਸਟੀਕ ਕਾਰਨ ਕਦੇ ਵੀ ਸਾਹਮਣੇ ਨਹੀਂ ਆਉਂਦਾ।