ਲੁਧਿਆਣਾ : ਲੁਧਿਆਣਾ ਵਿੱਚ ਐਤਵਾਰ ਦਾ ਦਿਨ ਬਹੁਤੇ ਪਰਿਵਾਰਾਂ ਲਈ ਚੰਗਾ ਨਹੀਂ ਆਇਆ ਹੈ। ਇਥੇ ਗੈਸ ਲੀਕ ਹੋਣ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਦੂਜੇ ਪਾਸੇ ਇਸ ਹਾਦਸੇ ਵਿੱਚੇ ਲਾਪਰਵਾਹੀ ਤੇ ਜਾਂ ਫਿਰ ਅਚਾਨਕ ਵਾਪਰੀ ਘਟਨਾ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਹਾਲਾਂਕਿ ਇਸ ਮਾਮਲੇ ਦੀ ਜਾਂਚ ਵੀ ਹੋ ਰਹੀ ਹੈ ਅਤੇ ਇਸ ਘਟਨਾ ਦੇ ਅਸਲ ਕਾਰਣ ਲੱਬੇ ਜਾ ਰਹੇ ਹਨ। ਸੀਵਰੇਜ ਦੇ ਮੇਨਹੋਲ ਤੋਂ ਨਿਕਲੀ ਗੈਸ ਕਾਰਨ ਹੋਈਆਂ ਮੌਤਾਂ ਦਾ ਵੀ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਸ ਗੈਸ ਕਾਂਡ ਵਿੱਚ ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕ ਵੀ ਸ਼ਾਮਿਲ ਹਨ। ਦੂਜੇ ਪਾਸੇ ਚਾਰ ਹਸਪਤਾਲ ਵਿੱਚ ਗੰਭੀਰ ਹਨ ਤੇ ਜੇਰੇ ਇਲਾਜ ਹਨ। ਐਨਡੀਆਰਐੱਫ ਵਲੋਂ ਵੀ ਗੈਸ ਦਾ ਨਮੂਨਾ ਭਰਿਆ ਗਿਆ ਹੈ। ਲੋਕਾਂ ਦੇ ਦਿਲ, ਦਿਮਾਗ ਅਤੇ ਫੇਫੜਿਆਂ ਨੂੰ ਲ਼ਈ ਵੀ ਇਹ ਗੈਸ ਜਾਨਲੇਵਾ ਦੱਸੀ ਜਾ ਰਹੀ ਹੈ।
ਘਟਨਾ ਦੀ ਗੱਲ ਕਰੀਏ ਤਾਂ ਗੈਸ ਲੀਕ ਹੋਣ ਤੋਂ ਬਾਅਦ ਇੱਕੋ ਘਰ ਦੇ ਪੰਜ ਮੈਂਬਰ ਬੇਹੋਸ਼ ਹੋ ਗਏ। ਕਈਆਂ ਦੇ ਹੱਥ ਪੈਰ ਨੀਲੇ ਫਿਰ ਗਏ ਅਤੇ ਸੜਕ ਉੱਤੇ ਡਿਗਦੀਆਂ ਲਾਸ਼ਾਂ ਦਾ ਵੀ ਖੌਫ ਸ਼ਾਇਦ ਹੀ ਲੋਕ ਭੁਲਾ ਸਕਣਗੇ। ਗੈਸ ਲੀਕ ਹੋਣ ਤੋਂ ਬਾਅਦ ਘਟਨਾ ਵਾਲੀ ਥਾਂ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ। ਬੇਹੋਸ਼ ਲੋਕ ਸੜਕ ਕਿਨਾਰੇ ਤੜਪ ਰਹੇ ਹਨ। ਪੁਲਿਸ ਪ੍ਰਸ਼ਾਸਨ ਵੀ ਮਦਦ ਲਈ ਬਿਨਾਂ ਦੇਰੀ ਅੱਗੇ ਆਇਆ ਹੈ। ਇਸ ਤੋਂ ਇਲਾਵਾ ਕਈ ਹੋਰ ਸੀਸੀਟੀਵੀ ਕੈਮਰਿਆਂ ਦੀ ਵੀ ਫੁਟੇਜ ਵੀ ਪੜਤਾਲੀ ਜਾ ਰਹੀ ਹੈ ਤਾਂ ਜੋ ਇਸ ਕਾਂਡ ਦੇ ਅਸਲ ਕਾਰਨ ਸਾਹਮਣੇ ਆ ਸਕਣ। ਇਸ ਗੱਲ ਦਾ ਵੀ ਖ਼ਦਸ਼ਾ ਜਾਹਿਰ ਕੀਤਾ ਦਾ ਰਿਹਾ ਹੈ ਕਿ ਜਿਸ ਸੀਵਰੇਜ ਤੋਂ ਗੈਸ ਰਿਸਾਵ ਦਾ ਖਦਸ਼ਾ ਹੈ ਉਸ ਸੀਵਰੇਜ ਵਿੱਚ ਕੋਈ ਕੈਮੀਕਲ ਮਿਲ ਗਿਆ ਹੋ ਸਕਦਾ ਹੈ, ਜਿਸ ਕਾਰਨ ਜ਼ਹਿਰੀਲੀ ਗੈਸ ਲੀਕ ਹੋਈ ਹੈ।
ਇਹ ਵੀ ਪੜ੍ਹੋ : Gas Leak Cases In Punjab : ਲੁਧਿਆਣਾ ਗੈਸ ਲੀਕ ਕਾਂਡ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਇੱਥੇ ਵਾਪਰ ਚੁੱਕੀਆਂ ਨੇ ਗੈਸ ਲੀਕ ਘਟਨਾਵਾਂ
ਇਹ ਵੀ ਕਿਹਾ ਜਾ ਰਿਹਾ ਹੈ ਕਿ ਗੋਇਲ ਕਿਰਨਾ ਸਟੋਰ ਤੋਂ ਇਹ ਗੈਸ ਲੀਕ ਹੋਈ ਹੈ। ਇਸ ਕਰਿਆਨੇ ਦੀ ਦੁਕਾਨ 'ਤੇ ਸਾਮਾਨ ਖਰੀਦਣ ਗਿਆ ਇਕ ਵਿਅਕਤੀ ਵੀ ਬੇਹੋਸ਼ ਹੋਇਆ ਹੈ। ਜਾਣਕਾਰੀ ਮੁਤਾਬਿਕ ਜਦੋਂ ਹੋਰ ਲੋਕ ਉਸ ਨੂੰ ਲੈਣ ਪਹੁੰਚੇ ਤਾਂ ਉਹ ਵੀ ਮੌਕੇ ਉੱਤੇ ਹੀ ਬੇਹੋਸ਼ ਹੋ ਗਿਆ। ਪੁਲਸ-ਪ੍ਰਸ਼ਾਸਨ ਨੂੰ ਦੁਕਾਨ ਦੇ ਅੰਦਰ ਰੱਖੇ 4 ਡਰਿੱਪ ਫਰੀਜ਼ਰਾਂ 'ਚੋਂ ਕੋਈ ਗੈਸ ਲੀਕ ਹੋਣ ਦਾ ਵੀ ਖਦਸ਼ਾ ਹੈ। ਹਾਲਾਂਕਿ ਇਹ ਗੰਭੀਰ ਜਾਂਚ ਦਾ ਵਿਸ਼ਾ ਹੈ ਅਤੇ ਪੁਲਿਸ ਤੇ ਹੋਰ ਸੁਰੱਖਿਆ ਬਲਾਂ ਵਲੋਂ ਪੂਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਮੈਂ ਖੁਦ ਹੈਰਾਨ ਹਾਂ, ਸਿਹਤ ਮੰਤਰੀ : ਇਕ ਮੀਡੀਆ ਅਦਾਰੇ ਨਾਲ ਇਸੇ ਮਸਲੇ ਉੱਤੇ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਮੈਂ ਖੁਦ ਇੱਕ ਡਾਕਟਰ ਹਾਂ ਅਤੇ ਇਹ ਗੱਲ ਦੇਖ ਕੇ ਹੈਰਾਨ ਵੀ ਹਾਂ ਕਿ ਆਖਿਰ ਅਜਿਹੀ ਕਿਹੜੀ ਗੈਸ ਹੈ, ਜਿਸ ਨਾਲ ਇਸ ਪੱਧਰ ਉੱਤੇ ਇੰਨੀ ਛੇਤੀ ਮੌਤਾਂ ਹੋ ਗਈਆਂ ਹਨ। ਉਨ੍ਹਾ ਕਿਹਾ ਕਿ ਜੋ ਸੀਵਰੇਜ ਦੀ ਗੈਸ ਹੁੰਦੀ ਹੈ, ਉਸ ਨਾਲ ਜ਼ਮੀਨ ਉਪਰ ਕਦੇ ਮੌਤ ਨਹੀਂ ਹੁੰਦੀ। ਪਰ ਇਹ ਬਹੁਤ ਹੀ ਗੰਭੀਰ ਮਸਲਾ ਹੈ ਕਿ ਆਖਿਰ ਅਜਿਹੀ ਕਿਹੜੀ ਗੈਸ ਹੈ ਜਿਸਨੇ ਤੁਰੰਤ ਕਈ ਲੋਕਾਂ ਦੀ ਜਾਨ ਲੈ ਲਈ।