ਚੰਡੀਗੜ੍ਹ: ਪੰਜਾਬੀਆਂ ਦਾ ਵਿਦੇਸ਼ਾਂ ਵਿਚ ਜਾਣ ਦਾ ਰੁਝਾਨ ਇਸ ਹੱਦ ਤੱਕ ਵੱਧ ਗਿਆ ਹੈ। ਹਰ ਸਾਲ 2 ਲੱਖ ਦੇ ਕਰੀਬ ਪੰਜਾਬੀ ਵਿਦੇਸ਼ ਵਿਚ ਵੱਸਣ ਲਈ ਜਾ ਰਹੇ ਹਨ। ਆਪਣੀ ਮਿੱਟੀ ਤੋਂ ਪੰਜਾਬੀਆਂ ਦਾ ਮੋਹ ਭੰਗ ਹੋਣਾ ਅਤੇ ਬੇਗਾਨੇ ਮੁਲਕਾਂ ਲਈ ਦਿਲ 'ਚ ਤਾਂਘ ਵੱਧਣੀ ਕੋਈ ਆਮ ਵਰਤਾਰਾ ਨਹੀਂ ਹੈ। ਇਸ ਮਾਮਲੇ ਦੀ ਜਦੋਂ ਘੋਖ ਕੀਤੀ ਗਈ ਤਾਂ ਇਸ ਵਿੱਚ ਬਹੁਤ ਸਾਰੇ ਤੱਥ ਸਾਹਮਣੇ ਆਏ ਹਨ।
ਪੰਜਾਬੀਆਂ ਵਿੱਚ ਪਹਿਲਾਂ ਤੋਂ ਹੀ ਵਿਦੇਸ਼ ਜਾਣ ਦੀ ਤਾਂਘ : ਪੰਜਾਬ ਦੇ ਵਿਚੋਂ ਹਰ ਰੋਜ਼ ਆਪਣੇ ਸੁਪਨਿਆਂ ਦਾ ਸੰਸਾਰ ਸਿਰਜਣ ਲਈ ਵੱਡੀ ਗਿਣਤੀ ਵਿਚ ਪੰਜਾਬੀ ਵੱਖ-ਵੱਖ ਮੁਲਕਾਂ ਲਈ ਉਡਾਨ ਭਰਦੇ ਹਨ। ਪੰਜਾਬ ਵਿਚੋਂ ਵਿਦੇਸ਼ ਜਾਣ ਦਾ ਰੁਝਾਨ ਕੋਈ ਨਵਾਂ ਤਾਂ ਨਹੀਂ ਹੈ ਪਰ ਇਹ ਸਮੇਂ ਦੇ ਨਾਲ ਹੱਦ ਤੋਂ ਜ਼ਿਆਦਾ ਵੱਧ ਗਿਆ ਹੈ। 35-40 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਦੁਆਬੇ ਵਿਚੋਂ ਜ਼ਿਆਦਾ ਗਿਣਤੀ 'ਚ ਲੋਕਾਂ ਦੇ ਵਿਦੇਸ਼ ਜਾਣ ਕਰਕੇ ਦੁਆਬੇ ਨੂੰ ਐਨਆਰਆਈ ਬੈਲਟ ਕਿਹਾ ਜਾਣ ਲੱਗਾ। ਆਧੁਨਿਕ ਦੌਰ ਵਿਚ ਪੂਰਾ ਪੰਜਾਬ ਹੀ ਐਨਆਰਆਈ ਬੈਲਟ ਬਣਦਾ ਜਾ ਰਿਹਾ ਹੈ। ਪੰਜਾਬ ਵਿਚੋਂ ਵਿਦੇਸ਼ ਜਾਣ ਵਾਲੇ ਪੰਜਾਬੀਆਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ।
ਹਰ ਸਾਲ ਜਾ ਰਹੇ 2 ਲੱਖ ਪੰਜਾਬੀ : ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਲੋਕ ਸਭਾ ਦੱਸਿਆ ਕਿ ਸਾਲ 2016 ਤੋਂ 2021 ਦਰਮਿਆਨ ਕਰੀਬ 10 ਲੱਖ ਪੰਜਾਬੀਆਂ ਨੇ ਵਿਦੇਸ਼ਾਂ ਵੱਲ ਰਵਾਨਗੀ ਕੀਤੀ। ਜਿਹਨਾਂ ਵਿਚ 4 ਲੱਖ ਸਟੱਡੀ ਵੀਜ਼ਾ ਅਤੇ 6 ਲੱਖ ਵਰਕ ਪਰਮਿਟ ਦੇ ਵਿਦੇਸ਼ ਗਏ ਹਨ। ਫਿਰ ਉਥੋ ਦੇ ਹੀ ਹੋ ਕੇ ਰਹਿ ਗਏ। ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਵੱਸਣ ਦੇ ਪੰਜਾਬੀਆਂ ਦੇ ਰੁਝਾਨ ਪਿੱਛੇ ਵੈਸੇ ਤਾਂ ਕਈ ਕਾਰਨ ਦੱਸੇ ਜਾਂਦੇ ਹਨ ਪਰ ਮੁੱਖ ਕਾਰਨ ਪੰਜਾਬ ਵਿਚ ਰੁਜ਼ਗਾਰ ਦੀ ਕਮੀ ਮੰਨਿਆ ਜਾ ਰਿਹਾ ਹੈ।
ਪੰਜਾਬ ਵਿੱਚ ਬੇਰੁਜ਼ਗਾਰੀ ਮੁੱਖ ਕਾਰਨ: ਮਾਹਿਰਾਂ ਨੇ ਵੀ ਇਸਦੇ ਕਈ ਕਾਰਨ ਦੱਸੇ ਹਨ ਜਿਹਨਾਂ ਵਿਚ ਇਹ ਤੱਥ ਸਾਹਮਣੇ ਆਇਆ ਕਿ ਪੰਜਾਬ ਵਿਚੋਂ ਹਤਾਸ਼ ਅਤੇ ਨਿਰਾਸ਼ ਹੋ ਕੇ ਲੋਕ ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਜਾ ਰਹੇ ਹਨ। ਪੰਜਾਬ ਨੂੰ ਵਪਾਰਕ ਕਦਰਾਂ ਕੀਮਤਾਂ ਦੇ ਅਨੁਕੂਲ ਨਹੀਂ ਵੀ ਨਹੀਂ ਮੰਨਿਆ ਜਾਂਦਾ। ਪੰਜਾਬ ਕਿਤੇ ਵੀ ਬੰਦਰਗਾਹ ਦੇ ਨੇੜੇ ਨਹੀਂ ਅਤੇ ਬਾਰਡਰ ਸੂਬਾ ਹੋਣ ਕਰਕੇ ਰੁਜ਼ਗਾਰ ਦੇ ਜ਼ਿਆਦਾ ਵਸੀਲੇ ਪੈਦਾ ਵੀ ਨਹੀਂ ਕੀਤੇ ਜਾ ਸਕੇ। ਇਹਨਾਂ ਸਾਰੇ ਤੱਥਾਂ ਤੋਂ ਬਾਹਰ ਜਦੋਂ ਪੰਜਾਬੀ ਅੱਗੇ ਵੱਧਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਵਿਦੇਸ਼ਾਂ ਦਾ ਰਾਹ ਹੀ ਵਿਖਾਈ ਦਿੰਦਾ ਹੈ। ਪੰਜਾਬ ਦੀ ਤ੍ਰਾਸਦੀ ਇਹ ਵੀ ਹੈ ਕਿ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਵੀ ਖੇਤੀ ਸੰਕਟ ਵਿਚੋਂ ਗੁਜਰ ਰਿਹਾ ਹੈ।
ਵਿਦੇਸ਼ਾਂ ਦੇ ਖਾਤਿਆਂ ਵਿੱਚ ਭਰ ਰਿਹਾ ਪੰਜਾਬ ਦਾ ਮਨਾ ਮੂੰਹੀਂ ਪੈਸਾ: ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਇਮੀਗ੍ਰੇਸ਼ਨ ਸੈਂਟਰਾਂ ਦੇ ਬਾਹਰ ਵੱਡੀਆਂ ਵੱਡੀਆਂ ਲਾਈਨਾਂ ਦੱਸਦੀਆਂ ਹਨ ਕਿ ਪੰਜਾਬੀਆਂ ਅੰਦਰ ਵਿਦੇਸ਼ ਜਾਣ ਦੀ ਲਾਲਸਾ ਕਿੰਨੀ ਘਰ ਕਰਦੀ ਜਾ ਰਹੀ ਹੈ। ਹਵਾਲਾ ਤਾਂ ਇਹ ਦਿੱਤਾ ਜਾਂਦਾ ਹੈ ਕਿ ਪੰਜਾਬ ਦੀ ਅਰਥ ਵਿਵਸਥਾ ਅਤੇ ਰੁਜ਼ਗਾਰ ਦੀ ਕਮੀ ਕਰਕੇ ਪੰਜਾਬੀ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ। 15- 15 ਲੱਖ ਇਕ ਸਮੈਸਟਰ ਦੀ ਫੀਸ ਜਦੋਂ ਵਿਦੇਸ਼ਾਂ ਵਿਚ ਜਾ ਰਹੀ ਹੋਵੇ ਤਾਂ ਪੰਜਾਬ ਦਾ ਕਈ ਹਜ਼ਾਰਾਂ ਕਰੋੜ ਰੁਪਈਆ ਬਣਦਾ ਹੈ। 16 ਤੋਂ 18000 ਡਾਲਰ ਵਿਦੇਸ਼ੀ ਮੁਦਰਾ ਵਿਚ ਕੀਮਤ ਹੁੰਦੀ ਹੈ ਜੋ ਕਿ ਸਿਰਫ਼ ਪੜਾਈ ਦੀ ਹੈ। ਬਾਕੀ ਖਰਚਾ ਇਸਤੋਂ ਕਿਧਰੇ ਜ਼ਿਆਦਾ ਹੈ। ਜਿਸ ਨਾਲ ਪੰਜਾਬ ਦੀ ਅਰਥ ਵਿਵਸਥਾ ਨੂੰ ਢਾਹ ਲੱਗਦੀ ਹੈ। ਇਮੀਗੇਸ਼ਨ ਮਾਹਿਰ ਵੀ ਇਸਨੂੰ ਪੰਜਾਬ ਲਈ ਘਾਟੇ ਦਾ ਸੌਦਾ ਮੰਨਦੇ ਹਨ। ਜ਼ਿਆਦਾਤਰ ਬੱਚੇ ਬਾਹਰ ਜਾ ਕੇ ਪੜਾਈ ਕਰਦੇ ਹਨ ਕੰਮ ਵੀ ਕਰਦੇ ਹਨ ਉਥੇ ਕੰਮ ਦੀ ਕਮੀ ਨਹੀਂ ਅਤੇ ਕੋਈ ਵੀ ਕੰਮ ਕਰਨਾ ਉਹਨਾਂ ਨੂੰ ਮਨਜ਼ੂਰ ਹੁੰਦਾ ਹੈ। ਪਰਿਵਾਰਾਂ ਦੇ ਪਰਿਵਾਰ ਸਮਾਜਿਕ ਸੁਰੱਖਿਆ ਲਈ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋ ਰਹੇ ਹਨ। ਪੰਜਾਬ ਦਾ ਸਿਸਟਮ ਹੀ ਉਸ ਤਰੀਕੇ ਨਾਲ ਉਲਝਾਇਆ ਗਿਆ ਹੈ ਕਿ ਬੱਚਿਆਂ ਨੂੰ ਆਪਣੇ ਭਵਿੱਖ ਦਾ ਕੋਈ ਰਸਤਾ ਹੀ ਨਜ਼ਰ ਨਹੀਂ ਆਉਂਦਾ।
ਪੰਜਾਬ ਦੇ ਸਾਰੇ ਤਬਕੇ ਜਾ ਰਹੇ ਬਾਹਰ: ਪੰਜਾਬ 'ਚ ਰੁਝਾਨ ਤਾਂ ਇਹ ਹੈ ਕਿ ਕੋਈ ਇਕ ਤਬਕਾ ਬਾਹਰ ਨਹੀਂ ਜਾ ਰਿਹਾ ਸਗੋਂ ਹਰ ਵਰਗ ਵਿਦੇਸ਼ ਵੱਲ ਜਾਣ ਦਾ ਚਾਹਵਾਨ ਹੈ। ਇਕ ਵਰਗ ਤਾਂ ਉਹ ਹੈ ਜੋ ਥੋੜੇ ਥੋੜੇ ਪੈਸੇ ਦੇ ਛੋਟੇ ਮੋਟੇ ਮੁਲਕਾਂ ਵਿਚ ਜਾ ਰਹੇ ਹਨ ਅਤੇ ਇਕ ਤਬਕਾ ਉਹ ਹੈ ਜੋ ਆਪਣੀ ਜ਼ਮੀਨ ਵੇਚ ਕੇ ਬਾਹਰ ਜਾ ਰਿਹਾ ਹੈ। ਜੋ ਆਰਥਿਕ ਪੱਖ ਤੋਂ ਮਜਬੂਰ ਹੈ ਉਸਦਾ ਬਾਹਰ ਜਾਣਾ ਤਾਂ ਮੰਨਿਆ ਜਾ ਸਕਦਾ ਹੈ ਪਰ ਜੋ ਸਰਦਾ ਪੁੱਜਦਾ ਹੋਵੇ ਅਤੇ ਕਰੋੜਾਂ ਦਾ ਮਾਲਕ ਹੋਵੇ ਉਹ ਸਿਰਫ਼ ਹੋੜ ਦੇ ਚਕੱਰਾਂ ਵਿਚ ਪੈ ਕੇ ਹੀ ਵਿਦੇਸ਼ ਜਾਣਾ ਚਾਹੁੰਦਾ ਹੈ। ਇਕ ਤਬਕਾ ਵਿਦਿਆਰਥੀਆਂ ਦਾ ਹੈ ਜੋ ਪੰਜਾਬ ਵਿਚ ਪੜਾਈ ਤਾਂ ਕਰ ਰਿਹਾ ਹੈ ਪਰ ਉਸਨੂੰ ਭਵਿੱਖ ਵਿਚ ਪੱਕੇ ਰੁਜ਼ਗਾਰ ਅਤੇ ਚੰਗੀ ਜ਼ਿੰਦਗੀ ਦੀ ਕੋਈ ਆਸ ਨਹੀਂ। ਇਕ ਧਾਰਨਾ ਇਹ ਵੀ ਹੈ ਕਿ ਭਾਰਤ ਵਿਚ ਮਿਹਨਤ ਦਾ ਮੁੱਲ ਉਸ ਤਰ੍ਹਾਂ ਨਹੀਂ ਪੈਂਦਾ ਜਿਸ ਤਰ੍ਹਾਂ ਵਿਦੇਸ਼ਾਂ ਵਿਚ ਪਾਇਆ ਜਾਂਦਾ ਹੈ।
ਇਹ ਵੀ ਪੜ੍ਹੋ:- PM Modi Security Breach Update: ਤਤਕਾਲੀ 9 ਅਧਿਕਾਰੀਆਂ ਉੱਤੇ ਹੋ ਸਕਦੈ ਐਕਸ਼ਨ, ਸੀਐੱਮ ਮਾਨ ਕੋਲ ਪਹੁੰਚੀ ਫਾਈਲ