ਚੰਡੀਗੜ੍ਹ: ਓਟੀਟੀ ਪਲੇਟਫਾਰਮ ਅੱਜ ਕੱਲ੍ਹ ਨੌਜਵਾਨ ਪੀੜ੍ਹੀ 'ਚ ਬਹੁਤ ਪ੍ਰਚਲਿਤ ਹੈ ਪਰ ਇਸ ਦੇ ਕੰਟੈਂਟ 'ਤੇ ਨਿਗਰਾਨੀ ਨਹੀਂ ਕੀਤੀ ਜਾਂਦੀ। ਸੋਨੀ ਲਿਵ 'ਤੇ ਆ ਰਹੀ ਸੀਰੀਜ਼ ਯੋਅਰ ਓਨਰ ਦੇ ਖਿਲਾਫ ਸੁੱਖਚਰਨ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਰਜ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਇਹ ਸੀਰੀਜ਼ ਨਿਆਂਪਾਲਿਕਾ ਦੀ ਗਰਿਮਾ ਨੂੰ ਠੇਸ ਪਹੁੰਚਾ ਰਹੀ ਹੈ।
ਦੱਸ ਦਈਏ ਕਿ 21 ਸਤੰਬਰ ਨੂੰ ਇਸ ਪਟੀਸ਼ਨ ਨੂੰ ਸਿੰਗਲ ਬੈਂਚ ਨੇ ਬੇਹੱਦ ਗੰਭੀਰ ਦੱਸਦੇ ਹੋਏ ਪਟੀਸ਼ਨ ਨੂੰ ਜਨਹਿਤ ਪਟੀਸ਼ਨ ਦੇ ਤੌਰ 'ਤੇ ਸੁਣੇ ਜਾਣ ਲਈ ਇਸ ਨੂੰ ਚੀਫ਼ ਜਸਟਿਸ ਸਨਮੁੱਖ ਭੇਜ ਦਿੱਤਾ। ਹੁਣ ਚੀਫ਼ ਜਸਟਿਸ ਦੀ ਡਿਵੀਜਨ ਬੈਂਚ ਦੀ ਸੁਣਵਾਈ ਤੋਂ ਬਾਅਦ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਮੁੱਤਲਕ ਜਵਾਬ ਵੀ ਮੰਗਿਆ ਹੈ।
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਸੀਰੀਜ਼ ਦੇ ਕੰਟੈਂਟ 'ਤੇ ਕੋਈ ਨਿਯੰਤਰਣ ਨਹੀਂ ਹੁੰਦਾ। ਜਿਸ ਕਰਕੇ ਸ਼ਰੇਆਮ ਅਸ਼ਲੀਲਤਾ ਤੇ ਹਿੰਸਾ ਦਿਖਾਈ ਜਾਂਦੀ ਹੈ। ਇੱਥੇ ਤੱਕ ਕਿ ਤੱਥ ਵੀ ਤੋੜ ਮਰੋੜ ਕਟ ਪੇਸ਼ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਕੰਟੈਂਟ ਦੀ ਨਿਗਰਾਨੀ ਹੋਣੀ ਚਾਹੀਦੀ ਹੈ।