ਚੰਡੀਗੜ੍ਹ: ਮਈ ਦੀ ਤਿੱਖੀ ਧੁੱਪ ਨੇ ਪਿਛਲੇ 7 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਬੀਤੇ ਸ਼ੁੱਕਰਵਾਰ ਚੰਡੀਗੜ੍ਹ ਦਾ ਤਾਪਮਾਨ 44.2 °C ਰਿਕਾਰਡ ਕੀਤਾ ਗਿਆ, ਜੋ ਸਾਧਾਰਣ ਨਾਲੋਂ ਪੰਜ ਡਿਗਰੀ ਵੱਧ ਸੀ। ਇਸ ਤੋਂ ਪਹਿਲਾਂ ਸਾਲ 2012 ਵਿੱਚ 31 ਮਈ ਨੂੰ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਉਧਰ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਵਾਲਾ ਸ਼ਹਿਰ ਬਠਿੰਡਾ ਰਿਹਾ। ਬੀਤੇ ਸ਼ੁੱਕਰਵਾਰ ਇੱਥੇ ਤਾਪਮਾਨ 45.8 ਡਿਗਰੀ ਤੱਕ ਪਹੁੰਚ ਗਿਆ। ਲੁਧਿਆਣਾ 'ਚ ਵੀ ਬੀਤੇ ਸ਼ੁੱਕਰਵਾਰ ਪਾਰਾ 44.6 'ਤੇ ਪਹੁੰਚ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ 72 ਘੰਟਿਆਂ ਵਿੱਚ ਤਾਪਮਾਨ 'ਚ ਕੋਈ ਰਾਹਤ ਨਹੀਂ ਮਿਲੇਗੀ ਜਦਕਿ ਇਸ ਦੌਰਾਨ ਤਾਪਮਾਨ ਵਿੱਚ ਕੁੱਝ ਵਾਧਾ ਹੋਣ ਦਾ ਖਦਸ਼ਾ ਜ਼ਰੂਰ ਹੈ। 2 ਜੂਨ ਤੱਕ ਗ਼ਰਮ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਰਾਤ ਦੇ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵੀਰਵਾਰ ਰਾਤ ਦਾ ਤਾਪਮਾਨ 26.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਸਧਾਰਨ ਤੋਂ 1 ਡਿਗਰੀ ਵੱਧ ਸੀ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ ਤਿੰਨ, ਚਾਰ ਜੂਨ ਨੂੰ ਗਰਮੀ ਤੋਂ ਥੋੜੀ ਰਾਹਤ ਮਿਲ ਸਕਦੀ ਹੈ। ਹਵਾਵਾਂ ਦੀ ਦਿਸ਼ਾ ਬਦਲਨ ਨਾਲ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ।
ਕਿਹੜੇ ਸਾਲ ਕਿਨ੍ਹਾਂ ਰਿਹਾ ਸੂਬੇ ਵਿੱਚ ਤਾਪਮਾਨ?
ਸਾਲ ਤਾਪਮਾਨ
2018 43.8
2017 43.0
2016 43.6
2015 43.3
2014 41.4
2013 43.8
2012 44.8