ਚੰਡੀਗੜ੍ਹ: ਪੰਜਾਬ ਦੇ ਨਾਲ ਲਗਦੇ ਗੁਆਂਢੀ ਸੂਬੇ ਵਿੱਚ ਹੋ ਰਹੀ ਬਰਫ਼ਬਾਰੀ ਦਾ ਅਸਰ ਸੂਬੇ ਤੇ ਵੀ ਪੈਣ ਲੱਗ ਗਿਆ ਹੈ। ਸੂਬੇ ਵਿੱਚ ਧੁੰਦ ਨੇ ਵੀ ਜ਼ੋਰ ਫੜ੍ਹ ਲਿਆ ਹੈ ਜਿਸ ਕਰਕੇ ਬੀਤੇ ਦਿਨ ਅੰਮ੍ਰਿਤਸਰ-ਬਠਿੰਡਾ ਰੋਡ ਤੇ ਦਰਦਨਾਕ ਹਾਦਸਾ ਵੀ ਵਾਪਰਿਆ ਸੀ।
ਹੁਣ ਥੋਨੂੰ ਇਹ ਵੀ ਦੱਸ ਦਈਏ ਕਿ ਆਦਮਪੁਰ ਸਭ ਤੋਂ ਠੰਢਾ ਰਿਹਾ ਹੈ। ਇਸ ਤੋਂ ਬਾਅਦ ਤਰਤੀਬਵਾਰ, ਅੰਮ੍ਰਿਤਸਰ, ਫ਼ਰੀਦਕੋਟ, ਬਠਿੰਡਾ, ਹਲਵਾਰਾ, ਪਠਾਨਕੋਟ, ਗੁਰਦਾਸਪੁਰ, ਲੁਧਿਆਣਾ, ਬਰਨਾਲਾ ਅਤੇ ਤਪਾ ਮੰਡੀ ਵਿੱਚ ਘੱਟ ਤਾਪਮਾਨ ਰਿਹਾ।
ਪੰਜਾਬ ਦੇ ਨਾਲ-ਨਾਲ ਗੁਆਂਢੀ ਸੂਬਾ ਹਰਿਆਣਾ ਦੀ ਜ਼ਿਆਦਾ ਠੰਢਾ ਰਿਹਾ ਹੈ ਜਿਸ ਵਿੱਚ ਸਭ ਤੋਂ ਵੱਧ ਠੰਢ ਕਰਨਾਲ ਵਿੱਚ ਮਹਿਸੂਸ ਕੀਤੀ ਗਈ।
ਇਹ ਵੀ ਜ਼ਿਕਰ ਕਰ ਦਈਏ ਕਿ ਠੰਢ ਵਧਣ ਨਾਲ ਫ਼ਿਰੋਜ਼ਪੁਰ ਤੋਂ ਚੱਲਣ ਵਾਲੀਆਂ ਕਈ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਵੀ ਖ਼ਦਸ਼ਾ ਹੈ ਕਿ ਤੜਕਸਾਰ ਚੱਲਣ ਵਾਲੀਆਂ ਜ਼ਿਆਦਾਤਰ ਰੇਲਗੱਡੀਆਂ ਰੱਦ ਹੋ ਸਕਦੀਆਂ ਹਨ।
ਸੂਬੇ ਵਿੱਚ ਦਿਨੋਂ ਦਿਨ ਧੁੰਦ ਵਧਦੀ ਜਾ ਰਹੀ ਹੈ ਇਸ ਲਈ ਜੇ ਜ਼ਿਆਦਾ ਜ਼ਰੂਰਤ ਨਾ ਹੋਵੇ ਤਾਂ ਬਾਹਰ ਨਹੀਂ ਨਿਕਲਣ ਚਾਹੀਦਾ ਕਿਉਂਕਿ ਧੁੰਦ ਵਿੱਚ ਸੜਕ ਹਾਦਸੇ ਹੋਣ ਦਾ ਜ਼ਿਆਦਾ ਖ਼ਤਰਾ ਬਣਿਆ ਰਹਿੰਦਾ ਹੈ।