ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਦੇ ਸਾਏ ਹੇਠ ਤਿਉਹਾਰਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ। ਤਿੰਨ ਅਗਸਤ ਨੂੰ ਰੱਖੜੀ ਦਾ ਤਿਉਹਾਰ ਆ ਰਿਹਾ ਜਿਸ ਦੌਰਾਨ ਕੋਰੋਨਾ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਰੱਖੜੀਆਂ ਸਬੰਧੀ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਪਰ ਭਾਈ ਭੈਣ ਦੇ ਪਿਆਰ ਵਿੱਚ ਕੋਰੋਨਾ ਦੀ ਦੀਵਾਰ ਵੀ ਕੁੱਝ ਨਹੀਂ ਕਰ ਸਕਦੀ।
ਇਸ ਤਹਿਤ ਚੰਡੀਗੜ੍ਹ ਸਥਿਤ ਮੁੱਖ ਡਾਕ ਘਰ ਨੇ ਭੈਣਾਂ ਵੱਲੋਂ ਭੇਜੀ ਜਾਣ ਵਾਲੀਆਂ ਰੱਖੜੀਆਂ ਲਈ ਖਾਸ ਕਿਸਮ ਦੇ ਵਾਟਰ ਪਰੂਫ ਇਨਵੈਲਪ ਤਿਆਰ ਕਰਵਾਏ ਹਨ ਜਿਨ੍ਹਾਂ ਨੂੰ ਸੈਨੇਟਾਈਜ਼ ਵੀ ਕੀਤਾ ਜਾ ਸਕਦਾ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਡਾਕਘਰ ਦੀ ਕਰਮਚਾਰੀ ਈਸ਼ੂ ਬਾਲਾ ਨੇ ਦੱਸਿਆ ਕਿ ਇਹ ਲਿਫਾਫੇ ਸੈਲਫ ਐਡਹੈਸਿਵ ਹਨ ਅਤੇ ਰੱਖੜੀ ਪਾਰਸਲਾਂ ਨੂੰ ਬਕਾਇਦਾ ਸੈਨੇਟਾਈਜ਼ ਵੀ ਕੀਤਾ ਜਾ ਸਕਦਾ ਹੈ।
ਡਾਕ ਘਰ ਦੇ ਇੱਕ ਕਰਮਚਾਰੀ ਨੇ ਇਹ ਵੀ ਦੱਸਿਆ ਕਿ ਉਹ ਸ਼ਨੀਵਾਰ-ਐਤਵਾਰ ਵਾਲੇ ਦਿਨ ਵੀ ਤਿਉਹਾਰਾਂ ਦੇ ਚੱਲਦਿਆਂ ਲਗਾਤਾਰ ਪਾਰਸਲ ਡਿਸਪੈਚ ਕਰ ਰਹੇ ਹਨ ਅਤੇ ਹਰ ਰੋਜ਼ ਤਕਰੀਬਨ ਵਿਦੇਸ਼ਾਂ ਤੋਂ 15 ਤੋਂ 20 ਹਜ਼ਾਰ ਪਾਰਸਲ ਵੀ ਆ ਰਹੇ ਹਨ। ਬਰਸਾਤਾਂ ਦਾ ਮੌਸਮ ਹੋਣ ਕਾਰਨ ਵੀ ਰੱਖੜੀਆਂ ਦੇ ਬਚਾਅ ਲਈ ਖਾਸ ਤੌਰ 'ਤੇ ਇਹ ਵਾਟਰ ਪਰੂਫ ਲਿਫਾਪੇ ਤਿਆਰ ਕਰਵਾਏ ਗਏ ਹਨ।