ਚੰਡੀਗੜ੍ਹ: ਭਾਰਤੀ ਹਾਕੀ ਦੇ ਮਹਾਨ ਖਿਡਾਰੀ ਤੇ ਕੋਚ ਬਲਬੀਰ ਸਿੰਘ ਸੀਨੀਅਰ ਜੋ ਕਿ ਬੀਤੇ ਦਿਨੀਂ 97 ਵਰ੍ਹਿਆਂ ਦੀ ਉਮਰੇ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਸੁਖਮਨੀ ਸਾਹਿਬ ਦਾ ਪਾਠ ਅਤੇ ਅੰਤਿਮ ਅਰਦਾਸ ਕੀਤੀ ਗਈ।
ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਸਿਹਤ ਸਲਾਹਕਾਰੀਆਂ ਦੀ ਪਾਲਣਾ ਕਰਦਿਆਂ ਹਾਕੀ ਖਿਡਾਰੀ ਦੇ ਪਰਿਵਾਰ ਵੱਲੋਂ ਆਪਣੀ ਰਿਹਾਇਸ਼ ਵਿਖੇ ਸਾਦੇ ਢੰਗ ਨਾਲ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ, ਇਸ ਮੌਕੇ 15 ਦੇ ਕਰੀਬ ਨਜ਼ਦੀਕੀ ਰਿਸ਼ਤੇਦਾਰ ਤੇ ਸਨੇਹੀ ਇਕੱਤਰ ਹੋਏ। ਪਰਿਵਾਰਕ ਮੈਂਬਰਾਂ ਵੱਲੋਂ ਮਿਲ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਇਸ ਉਪਰੰਤ ਅੰਤਿਮ ਅਰਦਾਸ ਕੀਤੀ ਗਈ।
ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਮਗੇ ਅਤੇ ਕੋਚਿੰਗ ਹੇਠ ਭਾਰਤ ਨੂੰ ਇਕਲੌਤਾ ਵਿਸ਼ਵ ਕੱਪ ਜਿਤਾਉਣ ਵਾਲੇ ਬਲਬੀਰ ਸਿੰਘ ਸੀਨੀਅਰ ਦੀ ਧੀ ਸੁਸ਼ਬੀਰ ਕੌਰ ਦੇ ਸੈਕਟਰ-36 ਗ੍ਰਹਿ ਵਿਖੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਇਸ ਉਪਰੰਤ ਅਰਦਾਸ ਕੀਤੀ ਗਈ। ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥੌਮਸ ਬੈਸ਼, ਕੌਮਾਂਤਰੀ ਹਾਕੀ ਫੈਡਰੇਸ਼ਨ (ਐਫ.ਆਈ.ਐਚ.) ਦੇ ਪ੍ਰਧਾਨ ਡਾ. ਨਰਿੰਦਰ ਬੱਤਰਾ, ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਿਆਂ ਸ਼ੋਕ ਸੁਨੇਹੇ ਭੇਜੇ ਗਏ।
ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਅਤੇ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਆਨਲਾਈਨ ਸ਼ਿਰਕਤ ਕਰਦਿਆਂ ਬਲਬੀਰ ਸਿੰਘ ਸੀਨੀਅਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਬਲਬੀਰ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਕੁਲਬੀਰ ਸਿੰਘ ਸਿੱਧੂ ਨੇ ਬਲਬੀਰ ਸਿੰਘ ਸੀਨੀਅਰ ਦੇ ਦੇਵ ਸਮਾਜ ਸਕੂਲ ਮੋਗਾ ਦੇ ਦਿਨਾਂ ਨੂੰ ਯਾਦ ਕਰਦਿਆਂ ਇਸ ਮਹਾਨ ਖਿਡਾਰੀ ਨੂੰ ਇੱਕ ਚੰਗਾ ਇਨਸਾਨ ਅਤੇ ਲੋਕਾਂ ਲਈ ਪ੍ਰੇਰਨਾ ਦਾ ਸੋਮਾ ਦੱਸਿਆ। ਉਨ੍ਹਾਂ ਬਲਬੀਰ ਸਿੰਘ ਦੀ ਮੋਗਾ ਫੇਰੀ ਨੂੰ ਚੇਤੇ ਕਰਦਿਆਂ ਯਾਦ ਕੀਤਾ ਕਿ ਕਿਵੇਂ ਉਹ ਆਪਣੇ ਪਹਿਲੇ ਸਕੂਲ ਅੱਗੇ ਨਤਮਸਤਕ ਹੋਏ ਸਨ।
ਇਹ ਵੀ ਪੜੋ: 27 ਕੀਟਨਾਸ਼ਕਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ 'ਚ ਕੇਂਦਰ ਸਰਕਾਰ, ਵੇਖੋ ਖ਼ਾਸ ਰਿਪੋਰਟ
ਬਲਬੀਰ ਸਿੰਘ ਦੇ ਸਾਥੀ ਰਹੇ ਡਾ.ਰਾਜਿੰਦਰ ਕਾਲੜਾ ਨੇ 1975 ਵਿਸ਼ਵ ਕੱਪ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਕੈਂਪ ਤੋਂ ਲੈ ਕੇ ਵਿਸ਼ਵ ਚੈਂਪੀਅਨ ਬਣਨ ਤੱਕ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਡਾ.ਕਾਲੜਾ ਨੇ ਦੱਸਿਆ ਕਿ ਬਲਬੀਰ ਸਿੰਘ ਦੀ ਸਖਸ਼ੀਅਤ ਵਿੱਚ ਹੀ ਜਾਦੂ ਸੀ ਜਿਹੜਾ ਟੀਮ ਨੂੰ ਬੰਨ ਕੇ ਰੱਖਣ ਦੀ ਕਲਾ ਜਾਣਦਾ ਸੀ। ਇਸ ਮੌਕੇ ਲੋਕ ਸੰਪਰਕ ਅਧਿਕਾਰੀ ਨਵਦੀਪ ਸਿੰਘ ਗਿੱਲ ਅਤੇ ਬਲਬੀਰ ਸਿੰਘ ਦੇ ਪਰਿਵਾਰਕ ਮੈਂਬਰ ਡਾ.ਜੀ.ਐਸ.ਰੰਧਾਵਾ ਵੀ ਸ਼ਾਮਲ ਹੋਏ। ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਸਿੰਘ ਨੇ ਇਸ ਮੌਕੇ ਨਿੱਜੀ ਤੌਰ 'ਤੇ ਸ਼ਿਰਕਤ ਕਰਨ ਵਾਲਿਆਂ ਅਤੇ ਆਨਲਾਈਨ ਦੂਰ-ਦੁਰਾਡਿਆਂ ਤੋਂ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ।