ਚੰਡੀਗੜ੍ਹ: ਪੰਜਾਬ ਪੁਲਿਸ ਨੇ ਪਾਬੰਦੀਸ਼ੁਦਾ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨਾਲ ਸਬੰਧਿਤ ਇੱਕ ਅੰਤਰਰਾਸ਼ਟਰੀ ਨਾਰਕੋ-ਟੈਰਰਿਜ਼ਮ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇੱਕ ਲੋੜੀਂਦੇ ਹੈਰੋਇਨ ਤਸਕਰ ਰਾਜਿੰਦਰ ਸਿੰਘ ਉਰਫ਼ ਗੰਜਾ ਉਰਫ਼ ਮਿੱਠੂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇੱਕ ਸਿਪਾਹੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਰਾਜਿੰਦਰ ਦੇ ਸਾਲੇ ਨੂੰ ਵੀ ਇਸ ਰੈਕੇਟ ਵਿੱਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਮ੍ਰਿਤਕ ਬਦਨਾਮ ਅੱਤਵਾਦੀ ਹਰਮੀਤ ਸਿੰਘ ਉਰਫ਼ ਪੀਐਚਡੀ ਦਾ ਸਾਥੀ ਪਾਇਆ ਗਿਆ ਹੈ।
ਗੁਪਤਾ ਨੇ ਦੱਸਿਆ ਕਿ ਰਾਜਿੰਦਰ ਪਾਸੋਂ ਇੱਕ 32 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਅਤੇ ਬਾਅਦ ਵਿਚ ਜ਼ੀਰਕਪੁਰ ਦੇ ਰਿਵਰਡੇਲ ਐਰੋਵਿਸਟਾ ਵਿਖੇ ਉਸ ਦੇ ਫਲੈਟ ਵਿਚੋਂ 530 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ। ਰਾਜਿੰਦਰ ਵਿਰੁੱਧ ਥਾਣਾ ਐਸਐਸਓਸੀ, ਐਸ.ਏ.ਐਸ ਨਗਰ ਵਿਖੇ ਅਸਲਾ ਅਤੇ ਐਨਡੀਪੀਐਸ ਐਕਟ ਤਹਿਤ ਇੱਕ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ 2 ਕਰੋੜ ਰੁਪਏ ਦੇ ਹਵਾਲਗੀ ਲੈਣ-ਦੇਣ ਵਿੱਚ ਵੀ ਉਹ ਸ਼ਾਮਲ ਹੈ।
ਰਾਜਿੰਦਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਨਸ਼ਾ ਸਪਲਾਈ ਦੇ ਵੰਡਣ ਦੇ ਨੈਟਵਰਕ ਵਿੱਚ ਜੁੜਿਆ ਹੋਇਆ ਹੈ ਜੋ ਨਵਪ੍ਰੀਤ ਸਿੰਘ ਉਰਫ਼ ਨਵ ਦੁਆਰਾ ਚਲਾਇਆ ਜਾ ਰਿਹਾ ਸੀ। ਜੋ ਕਤਲ ਅਤੇ ਨਸ਼ਿਆਂ ਦੇ ਕਈ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ।
ਡੀਜੀਪੀ ਨੇ ਕਿਹਾ ਕਿ ਰਾਜਿੰਦਰ ਕੋਲ ਨਸ਼ੇ ਦੀਆਂ ਖੇਪਾਂ ਜ਼ਿਆਦਾਤਰ ਸ੍ਰੀਨਗਰ ਅਤੇ ਦਿੱਲੀ ਤੋਂ ਪੰਜਾਬ ਵਿੱਚ ਵੰਡਣ ਲਈ ਆਉਂਦੀਆਂ ਸਨ। ਨਸ਼ਿਆਂ ਦੇ ਕਾਰੋਬਾਰ ਤੋਂ ਇਕੱਠੇ ਕੀਤੇ ਪੈਸਿਆਂ ਨੂੰ ਉਹ ਹਵਾਲਾ ਚੈਨਲਾਂ ਰਾਹੀਂ ਨਵਪ੍ਰੀਤ ਨੂੰ ਵਾਪਸ ਭੇਜ ਦਿੰਦਾ ਸੀ। ਅਪ੍ਰੈਲ 2020 ਵਿੱਚ ਵੀ, ਪੁਲਿਸ ਕਮਿਸ਼ਨਰੇਟ, ਅੰਮ੍ਰਿਤਸਰ ਨੇ ਇੱਕ ਹਿਜਬੁਲ ਅੱਤਵਾਦੀ ਹਿਲਾਲ ਅਹਿਮਦ ਵਾਗੇ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਹਿਜ਼ਬੁਲ ਮੁਜਾਹਿਦੀਨ ਅੱਤਵਾਦੀ ਰਿਆਜ਼ ਅਹਿਮਦ ਨਾਇਕੂ ਦੇ ਨਿਰਦੇਸ਼ਾਂ 'ਤੇ ਡਰੱਗ ਮਨੀ ਇਕੱਠੀ ਕਰਨ ਆਇਆ ਸੀ।
ਡੀਜੀਪੀ ਨੇ ਕਿਹਾ ਕਿ ਰਾਜਿੰਦਰ ਸਿੰਘ ਉਰਫ਼ ਗੰਜਾ ਨੇ ਯੂ.ਪੀ ਤੋਂ ਨਕਲੀ ਦਸਤਾਵੇਜ਼ਾਂ ਦੀ ਸਹਾਇਤਾ ਨਾਲ ਆਧਾਰ ਕਾਰਡ ਅਤੇ ਪਾਸਪੋਰਟ ਬਣਾਇਆ। ਇਹ ਮੁਲਜ਼ਮ ਨੇੜਲੇ ਭਵਿੱਖ ਵਿੱਚ ਭਾਰਤ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮ ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਵਿਚ ਕਾਫ਼ੀ ਜਾਇਦਾਦ ਵੀ ਬਣਾਈ ਹੋਈ ਹੈ।
ਗ੍ਰਿਫਤਾਰੀਆਂ ਦਾ ਵੇਰਵਾ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਰਾਜਿੰਦਰ ਸਿੰਘ ਉਰਫ ਗੰਜਾ ਉਰਫ ਮਿੱਠੂ ਪੁਤਰ ਜਸਵੰਤ ਸਿੰਘ ਵਾਸੀ ਜੰਡਿਆਲਾ ਗੁਰੂ, ਅੰਮ੍ਰਿਤਸਰ ਨੂੰ 19.08.2020 ਨੂੰ ਜ਼ੀਰਕਪੁਰ ਦੇ ਇਲਾਕੇ ਤੋਂ ਕਾਬੂ ਕੀਤਾ ਗਿਆ ਸੀ ਜਿਸ ਬਾਰੇ ਫਰਾਰ ਨਾਮਵਰ ਤਸਕਰ ਨਵਪ੍ਰੀਤ ਸਿੰਘ ਉਰਫ ਨਵ ਪੁਤਰ ਗੁਰਦੇਵ ਸਿੰਘ ਵਾਸੀ ਪਿੰਡ ਵਜ਼ੀਰ ਭੁੱਲਰ, ਬਿਆਸ, ਅੰਮ੍ਰਿਤਸਰ ਦੇ ਨਜ਼ਦੀਕੀ ਸਾਥੀ ਹੋਣ ਦੀ ਸੂਚਨਾ ਹੈ।