ਚੰਡੀਗੜ੍ਹ: ਪੰਜਾਬ ਪੁਲਿਸ ਦੀ ਵਿਜੀਲੈਂਸ ਬਿਊਰੋ ਦੀ ਟੀਮ ਵੀਰਵਾਰ ਨੂੰ ਸੂਬੇ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਜੌਹਲ ਉਰਫ ਜੋਜੋ ਦੇ ਘਰ ਛਾਪਾ ਮਾਰਨ ਲਈ ਚੰਡੀਗੜ੍ਹ ਸੈਕਟਰ-7 ਪਹੁੰਚੀ। ਜਦੋਂ ਵਿਜੀਲੈਂਸ ਅਧਿਕਾਰੀ ਕੋਠੀ ਨੰਬਰ 1607 'ਤੇ ਪਹੁੰਚੇ ਤਾਂ ਜੈਜੀਤ ਜੌਹਲ ਉਰਫ ਜੋਜੋ ਦਾ ਵਕੀਲ ਪਹਿਲਾਂ ਹੀ ਘਰ ਦੇ ਬਾਹਰ ਮੌਜੂਦ ਸੀ। ਵਕੀਲ ਦੀ ਤਰਫੋਂ ਵਿਜੀਲੈਂਸ ਬਿਊਰੋ ਤੋਂ ਸਰਚ ਵਾਰੰਟ ਦੀ ਮੰਗ ਕੀਤੀ ਗਈ ਸੀ। ਮੌਕੇ 'ਤੇ ਮੌਜੂਦ ਵਿਜੀਲੈਂਸ ਬਿਊਰੋ ਦੀ ਟੀਮ ਸਰਚ ਵਾਰੰਟ ਪੇਸ਼ ਨਾ ਕਰ ਸਕੀ ਅਤੇ ਖਾਲੀ ਹੱਥ ਪਰਤ ਗਈ। (Manpreet Badal Case Update)
ਅਗਾਊਂ ਜ਼ਮਾਨਤ ਲਈ ਪਟੀਸ਼ਨ ਰੱਦ: ਕਾਬਿਲੇਗੌਰ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਰੂਪੋਸ਼ ਚੱਲ ਰਹੇ ਮਨਪ੍ਰੀਤ ਬਾਦਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਪੰਜਾਬ ਵਿਜੀਲੈਂਸ ਬਿਊਰੋ ਕਈ ਦਿਨਾਂ ਤੋਂ ਮਨਪ੍ਰੀਤ ਬਾਦਲ ਦੀ ਭਾਲ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਮਾਮਲੇ 'ਚ 3 ਮੁਲਜ਼ਮ ਗ੍ਰਿਫਤਾਰ: ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਨਗਰ (ਬਠਿੰਡਾ), ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ (ਬਠਿੰਡਾ) ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ (ਬਠਿੰਡਾ) ਸ਼ਾਮਲ ਹਨ। ਤਿੰਨੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹਨ।
ਬਠਿੰਡਾ 'ਚ ਦਰਜ ਹੈ ਧੋਖਾਧੜੀ ਦਾ ਮਾਮਲਾ: ਬਠਿੰਡਾ ਦੇ ਵਿਜੀਲੈਂਸ ਬਿਊਰੋ ਥਾਣੇ ਵਿੱਚ ਬੀਤੇ ਐਤਵਾਰ ਮਨਪ੍ਰੀਤ ਬਾਦਲ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਦੀ ਜਾਂਚ ਰਿਪੋਰਟ ਅਨੁਸਾਰ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਵਿੱਤ ਮੰਤਰੀ ਹੁੰਦਿਆਂ ਸਾਲ 2018 ਵਿੱਚ ਬਠਿੰਡਾ ਦੇ ਮਾਡਲ ਟਾਊਨ ਵਿੱਚ ਦੋ ਪਲਾਟ ਹੜੱਪਣ ਦੀ ਸਾਜ਼ਿਸ਼ ਰਚੀ ਸੀ। ਪੁੱਡਾ ਦੇ ਤਤਕਾਲੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਨ੍ਹਾਂ ਪਲਾਟਾਂ ਦੀ ਜਾਅਲੀ ਬੋਲੀ ਕਰਵਾਈ ਗਈ। ਬੋਲੀ ਦੌਰਾਨ ਪਲਾਟ ਦੇ ਨਕਸ਼ੇ ਅਪਲੋਡ ਨਹੀਂ ਕੀਤੇ ਗਏ ਸਨ, ਤਾਂ ਜੋ ਕਿਸੇ ਨੂੰ ਉਨ੍ਹਾਂ ਦੀ ਸਥਿਤੀ ਦਾ ਪਤਾ ਨਾ ਲੱਗ ਸਕੇ। ਇਸ ਬੋਲੀ ਵਿੱਚ ਰਿਹਾਇਸ਼ੀ ਪਲਾਟ ਕਮਰਸ਼ੀਅਲ ਦਿਖਾਏ ਗਏ ਸਨ ਜਿਸ ਕਾਰਨ ਕਿਸੇ ਨੇ ਵੀ ਬੋਲੀ ਨਹੀਂ ਕਰਵਾਈ।
ਸਰਕਾਰ ਨੂੰ 68 ਲੱਖ ਰੁਪਏ ਦਾ ਨੁਕਸਾਨ : ਇਸ ਤੋਂ ਬਾਅਦ ਦੁਬਾਰਾ ਬੋਲੀ ਲਗਾਈ ਗਈ। ਜਿਸ ਵਿੱਚ ਮਨਪ੍ਰੀਤ ਦੇ ਕਰੀਬੀ ਵਿਕਾਸ ਅਰੋੜਾ ਅਤੇ ਰਾਜੀਵ ਕੁਮਾਰ ਨੇ ਇਹ ਪਲਾਟ ਖਰੀਦਿਆ ਸੀ। ਸਸਤੇ ਭਾਅ 'ਤੇ ਪਲਾਟ ਖਰੀਦਣ ਤੋਂ ਬਾਅਦ ਦੋਵਾਂ ਨੇ ਅੱਗੇ ਮਨਪ੍ਰੀਤ ਬਾਦਲ ਨੂੰ ਵੇਚ ਦਿੱਤਾ। ਸਸਤੇ ਭਾਅ 'ਤੇ 2 ਪਲਾਟ ਵੇਚਣ ਕਾਰਨ ਸੂਬਾ ਸਰਕਾਰ ਨੂੰ 68 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਵਿਜੀਲੈਂਸ ਬਿਊਰੋ ਦਾ ਦਾਅਵਾ ਹੈ ਕਿ ਇਹ ਸਭ ਕੁਝ ਮਨਪ੍ਰੀਤ ਬਾਦਲ ਨੂੰ ਇਹ ਪਲਾਟ ਦੇਣ ਦੀ ਪੂਰੀ ਯੋਜਨਾਬੰਦੀ ਦੇ ਹਿੱਸੇ ਵਜੋਂ ਕੀਤਾ ਗਿਆ ਸੀ।
- Khalistani Supporter Arrest In London: ਲੰਡਨ 'ਚ ਫੜਿਆ ਗਿਆ ਖਾਲਿਸਤਾਨੀ ਸਮਰਥਕ, ਭਾਰਤੀ ਹਾਈ ਕਮਿਸ਼ਨ 'ਤੇ ਕੀਤਾ ਸੀ ਹਮਲਾ, NIA ਨੂੰ ਵੀ ਸੀ ਇਸ ਦੀ ਭਾਲ
- Sidhu Moosewala Murder Update: ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ 19 ਅਕਤੂਬਰ ਨੂੰ ਅਗਲੀ ਸੁਣਵਾਈ, ਵੀਡੀਓ ਕਾਨਫਰੰਸ ਰਾਹੀ ਪੇਸ਼ ਹੋਏ 24 ਮੁਲਜ਼ਮ
- Ludhiana Crime News: ਲੁਧਿਆਣਾ ਪੁਲਿਸ ਨੇ ਸਾਬਕਾ ਹੋਮਗਾਰਡ ਦੇ ਕਤਲ ਦੀ ਗੁੱਥੀ 36 ਘੰਟੇ 'ਚ ਸੁਲਝਾਈ, ਦੋ ਮੁਲਜ਼ਮ ਪੁਲਿਸ ਅੜਿੱਕੇ
ਆਪਣੀ ਹੀ ਪਾਰਟੀ ਦੇ ਆਗੂ ਨੇ ਕੀਤੀ ਸ਼ਿਕਾਇਤ:ਇਸ ਮਾਮਲੇ ਵਿੱਚ ਬਠਿੰਡਾ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਬਾਦਲ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਉਸ ਸਮੇਂ ਮਨਪ੍ਰੀਤ ਬਾਦਲ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ ਜਦਕਿ ਸਰੂਪ ਸਿੰਗਲਾ ਅਕਾਲੀ ਦਲ ਵਿੱਚ ਸਨ। ਉਸ ਤੋਂ ਬਾਅਦ ਸਰੂਪ ਸਿੰਗਲਾ ਭਾਜਪਾ ਵਿੱਚ ਸ਼ਾਮਲ ਹੋ ਗਏ। ਮਨਪ੍ਰੀਤ ਬਾਦਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਚੋਣ ਹਾਰ ਗਏ ਸਨ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਹੀ ਮਨਪ੍ਰੀਤ ਸਿੰਘ ਬਾਦਲ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।