ਚੰਡੀਗੜ੍ਹ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਖੇਤਰਾਂ ਵਿੱਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਸਹਿ-ਰੋਗਾਂ ਤੋਂ ਪੀੜਤ ਪਰਿਵਾਰਾਂ ਲਈ ਸ਼ੁੱਕਰਵਾਰ ਤੋਂ ਟੀਕਾਕਰਨ ਸ਼ੁਰੂ ਕਰਨ ਦਾ ਐਲਾਨ ਕੀਤਾ। ਟੀਕਿਆਂ ਦੇ ਸੀਮਤ ਉਪਲੱਬਧ ਸਟਾਕ ਦੀ ਉਚਿਤ ਵਰਤੋਂ ਬਾਰੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ 18-44 ਉਮਰ ਸਮੂਹ ਦੇ ਸਹਿ-ਰੋਗੀਆਂ ਨੂੰ ਟੀਕੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। 12 ਮਈ ਨੂੰ ਖਤਮ ਹੋਏ ਹਫ਼ਤੇ ਵਿੱਚ ਪਾਜ਼ੀਟਿਵਿਟੀ ਦਰ 14.2 ਫੀਸਦੀ ਅਤੇ ਕੋਵਿਡ ਮੌਤ ਦਰ (ਸੀ.ਐਫ.ਆਰ.) 2.1 ਫੀਸਦੀ ਹੈ।
ਵਰਚੁਅਲ ਮੀਟਿੰਗ ਦੁਆਰਾ ਕੋਵਿਡ ਅਤੇ ਟੀਕਾਕਰਨ ਦੀ ਸਥਿਤੀ ਦਾ ਜਾਇਜ਼ਾ
ਮੰਤਰੀ ਮੰਡਲ ਦੀ ਇਕ ਵਰਚੁਅਲ ਮੀਟਿੰਗ ਵਿਚ ਕੋਵਿਡ ਸਥਿਤੀ ਅਤੇ ਟੀਕਾਕਰਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਤਰਜੀਹੀ ਸਮੂਹਾਂ ਲਈ ਸ਼ਨਾਖਤ ਕੀਤੇ ਸਕੂਲਾਂ ਅਤੇ ਹੋਰ ਇਮਾਰਤਾਂ ਵਿੱਚ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਤਾਂ ਜੋ ਸਰਕਾਰੀ ਹਸਪਤਾਲਾਂ ਵਿੱਚ ਭੀੜ ਵਧਣ ਨਾਲ ਮਹਾਂਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਕੋਵੀਸ਼ੀਲਡ ਟੀਕਾ ਵਧੇਰੇ ਪ੍ਰਭਾਵਸ਼ਾਲੀ-ਡਾ.ਗਗਨਦੀਪ
ਡਾ. ਗਗਨਦੀਪ ਕੰਗ ਨੇ ਕੈਬਨਿਟ ਨੂੰ ਦੱਸਿਆ ਕਿ ਮੁੱਢਲੇ ਅੰਕੜਿਆਂ ਵਿੱਚ ਦੇਖਿਆ ਗਿਆ ਹੈ ਕਿ ਟੀਕੇ ਕੋਰੋਨਾ ਦੀ ਕਿਸਮ ਬੀ.1.617 ਵਿਰੁੱਧ ਲੜਨ ਸਮੇਤ ਕੋਰੋਨਾ ਵਾਇਰਸ ਖਿਲਾਫ਼ ਉਮੀਦ ਨਾਲੋਂ ਬਿਹਤਰ ਕੰਮ ਕਰ ਰਹੇ ਹਨ ਜਿਸ ਲਈ ਟੀਕਾਕਰਨ ਪ੍ਰੋਗਰਾਮ ਦੀ ਵਿਸ਼ੇਸ਼ ਲੋੜ ਹੈ। ਉਨ੍ਹਾਂ ਕੋਵੀਸ਼ੀਲਡ ਦੀ ਸਮਰੱਥਾ ਅਤੇ ਉਪਲੱਬਧਤਾ ਦੇ ਮੱਦੇਨਜ਼ਰ ਇਸ ਦੀ ਵਿਆਪਕ ਵਰਤੋਂ ਦਾ ਸੁਝਾਅ ਦਿੱਤਾ ਅਤੇ ਦੱਸਿਆ ਹੈ ਕਿ ਕੋਵੀਸ਼ੀਲਡ ਦੀ ਇਕ ਖੁਰਾਕ ਵੀ ਵਧੇਰੇ ਪ੍ਰਭਾਵਸ਼ਾਲੀ ਹੈ ਅਤੇ ਦੂਜੀ ਖੁਰਾਕ ਨੂੰ 12 ਹਫ਼ਤਿਆਂ ਤੱਕ ਦਿੱਤਾ ਜਾ ਸਕਦਾ ਹੈ।
ਇਹ ਵੀ ਪੜੋ:ਦਾਖ਼ਲੇ ਲਈ ਬਣਾਏ ਸਾਂਝੇ ਜੁਆਇੰਨ ਪੋਰਟਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧ