ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਿੱਖ ਧਰਮ ਅਤੇ ਇਤਿਹਾਸ ਦੀ ਪੁਖ਼ਤਾ ਤੇ ਵਿਸਥਾਰ 'ਚ ਜਾਣਕਾਰੀ ਦੇਣ ਵਾਲੇ ਮਹਾਨ ਕੋਸ਼ ਦੇ ਨੌਵੇਂ ਐਡੀਸ਼ਨ ਨੂੰ ਰਿਲੀਜ ਕੀਤਾ। ਇਸ ਮਹਾਨ ਕੋਸ਼ ਦੀ ਰਚਨਾ ਸੰਸਾਰ ਪ੍ਰਸਿੱਧ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਪਿਛਲੀ ਸਦੀ ਵਿੱਚ ਕੀਤੀ ਸੀ।
ਪੰਜਾਬ ਭਾਸ਼ਾ ਵਿਭਾਗ ਦੀ ਡਾਇਰੈਕਟਰ ਕਰਮਜੀਤ ਕੌਰ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਮਹੱਤਵਪੂਰਨ ਪ੍ਰਕਾਸ਼ਨਾਵਾਂ ਵਿੱਚ ਸ਼ਾਮਿਲ ਹੈ। ਇਸ ਦੇ ਮੱਦੇਨਜ਼ਰ ਭਾਸ਼ਾ ਵਿਭਾਗ ਪੰਜਾਬ ਵਲੋਂ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਦਾ 9ਵਾਂ ਅਡੀਸ਼ਨ ਪ੍ਰਕਾਸ਼ਿਤ ਕੀਤਾ।
ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਇਸ ਮਹੱਤਵਪੂਰਨ ਕੋਸ਼ ਵਿੱਚ ਕਿਸੇ ਪ੍ਰਕਾਰ ਦੀ ਛੇੜਛਾੜ ਨਹੀਂ ਕੀਤੀ ਗਈ। ਇਹ ਭਾਈ ਕਾਨ ਸਿੰਘ ਦੀ ਲਗਭਗ 15 ਵਰ੍ਹਿਆਂ ਦੀ ਮਿਹਨਤ ਨਾਲ ਤਿਆਰ ਕੀਤਾ ਗਿਆ। 1930 ਵਿੱਚ ਪਹਿਲੀ ਵਾਰ ਮਹਾਰਾਜਾ ਭੁਪਿੰਦਰ ਸਿੰਘ ਨੇ ਰਿਆਸਤ ਪਟਿਆਲਾ ਵੱਲੋਂ 51000 ਰੁਪਏ ਖਰਚ ਕੇ ਇਸ ਦਾ ਪਹਿਲਾ ਐਡੀਸ਼ਨ ਪ੍ਰਕਾਸ਼ਿਤ ਕੀਤਾ।
ਡਾਇਰੈਕਟਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਮਹਾਨ ਕੋਸ਼ ਦੀ ਮੰਗ ਵਧੇਰੇ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਇਸ ਦੀ ਕੀਮਤ ਸਿਰਫ਼ 500 ਰੁਪਏ ਹੈ ਅਤੇ ਬਜ਼ਾਰ ਵਿੱਚ ਨਿੱਜੀ ਪ੍ਰਕਾਸ਼ਕਾਂ ਅਤੇ ਹੋਰਨਾਂ ਅਦਾਰਿਆਂ ਵੱਲੋਂ ਵਿੱਚ ਛਾਪੇ ਜਾਂਦੇ ਹਨ ਜਿਸ ਨਾਲ ਹੀ ਇਨ੍ਹਾਂ ਕੋਸ਼ਾਂ ਦਾ ਕੀਮਤ ਘੱਟੋ ਘੱਟ ਪੰਜ ਗੁਣਾਂ ਵੱਧ ਜਾਂਦੀ ਹੈ।
ਇਸ ਮੌਕੇ ਡਾਇਰੈਕਟਰ ਭਾਸ਼ਾ ਵਿਭਾਗ ਨੇ ਦੱਸਿਆ ਕਿ ਇੰਨ੍ਹਾਂ ਤੋਂ ਇਲਾਵਾ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਫਲਸਫੇ ਨਾਲ ਸਬੰਧਤ ਹੋਰ ਪੁਸਤਕਾਂ ਦਾ ਪ੍ਰਕਾਸ਼ਨ ਵੀ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਸਾਲ 1969 ਤੋਂ ਚਲਾਈ ਜਾ ਰਹੀ ਭਾਸ਼ਾਈ ਅਤੇ ਸਭਿਆਚਾਰਕ, ਸਰਵੇਖਣ ਸਕੀਮ ਅਧੀਨ ਹੁਣ ਤੱਕ ਪੰਜਾਬ ਦੇ ਮਹੱਤਵਪੂਰਨ ਇਤਿਹਾਸਕ, ਭੁਗੋਲਿਕ, ਧਾਰਮਿਕ ਤੇ ਸਭਿਆਚਾਰਕ ਸਥਾਨਾਂ ਨਾਲ ਸਬੰਧਤ 55 ਦੇ ਲਗਭਗ ਪੁਸਤਕਾਂ ਪ੍ਰਕਾਸ਼ਨ ਲਈ ਤਿਆਰ ਹਨ।