ਚੰਡੀਗੜ੍ਹ: ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਸ਼ੁਰੂ ਕੀਤੇ ਜਾਣ ਵਾਲੇ ਵੈਬ ਪੋਰਟਲ ਵਿੱਚ ਦੇਰੀ ਹੋਣ ਉੱਤੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਕਰਤਾਰਪੁਰ ਲਾਂਘੇ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਲੈ ਲਿਆ ਹੈ, ਤਾਂ ਚਾਹੇ ਦੇਰੀ ਹੀ ਕਿਉਂ ਨਾ ਹੋ ਜਾਵੇ, ਵੈਬ ਪੋਰਟਲ ਸ਼ੁਰੂ ਹੋ ਜਾਵੇਗਾ।
ਬਟਾਲਾ ਵਿੱਚ ਲਾਇਨਜ਼ ਕਲੱਬ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਬਾਜਵਾ ਨੇ ਇਹ ਬਿਆਨ ਦਿੱਤਾ। ਇੱਥੇ ਉਨ੍ਹਾਂ ਪਾਕਿ ਵਿਦੇਸ਼ ਮੰਤਰੀ ਵੱਲੋਂ ਭਾਰਤ ਸਰਕਾਰ ਪ੍ਰਤੀ ਦਿੱਤੇ ਬਿਆਨ 'ਤੇ ਕਿਹਾ ਕਿ ਉਹ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ, ਜਦਕਿ ਭਾਰਤ ਸਰਕਾਰ ਆਪਣਾ ਕੰਮ ਕਰ ਰਹੀ ਹੈ ਤੇ ਕਰਤਾਰਪੁਰ ਲਾਂਘਾ ਸ਼ੁਰੂ ਹੋਵੇਗਾ।
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅੱਜ ਤੋਂ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋਣੀ ਸੀ, ਪਰ ਫ਼ਿਲਹਾਲ ਇਸ ਨੂੰ ਟਾਲ ਦਿੱਤਾ ਗਿਆ ਹੈ। ਇਸ ਦੀ ਮੁੱਖ ਵਜ੍ਹਾ ਪਾਕਿਸਤਾਨ ਦੇ ਫਾਈਨਲ ਡ੍ਰਾਫਟ 'ਤੇ ਹਾਲੇ ਤੱਕ ਸਹਿਮਤੀ ਨਾ ਹੋਣਾ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਹਾਲੇ ਵੀ 20 ਡਾਲਰ ਪ੍ਰਤੀ ਸ਼ਰਧਾਲੂ ਫੀਸ ਦੀ ਗੱਲ 'ਤੇ ਟਿਕਿਆ ਹੋਇਆ ਹੈ ਜਿਸ ਦੀ ਭਾਰਤ ਸਰਕਾਰ ਲਗਾਤਾਰ ਵਿਰੋਧ ਕਰ ਰਹੀ ਹੈ।
ਇਹ ਵੀ ਪੜ੍ਹੋ: ਹੋ ਜਾਓ ਤਿਆਰ ਆ ਗਏ ਕਰਤਾਰਪੁਰ ਜਾਣ ਲਈ ਫ਼ਾਰਮ
ਇਸ ਤੋਂ ਸਾਰੇ ਭਲੀ ਭਾਂਤੀ ਜਾਣੂ ਹੀ ਹਨ ਕਿ ਇਹ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਖੋਲਿਆ ਜਾ ਰਿਹਾ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੇ ਪਿਛਲੇ ਦਿਨੀਂ ਜਾਣਕਾਰੀ ਦਿੱਤੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਨਵੰਬਰ ਨੂੰ ਇਸ ਲਾਂਘੇ ਦਾ ਉਦਘਾਟਨ ਕਰਨਗੇ ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।