ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਵਿਚਕਾਰ ਚੱਲ ਰਹੀ ਬਿਆਨਬਾਜ਼ੀ ਬਾਰੇ ਕਿਹਾ ਕਿ ਸੂਬਾ ਸਰਕਾਰ ਆਪਣੇ ਹੀ ਸੀਨੀਅਰ ਆਗੂਆਂ ਦਾ ਵਿਸ਼ਵਾਸ ਗੁਆ ਚੁੱਕੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਪੰਜਾਬ ਵਿਚ ਨਸ਼ੇ ਸਮੇਤ ਹਰ ਤਰ੍ਹਾਂ ਦਾ ਮਾਫ਼ੀਆ ਬੇਖ਼ੌਫ ਚੱਲ ਰਿਹਾ ਹੈ। ਜੇਕਰ ਕੋਈ ਵੀ ਪੰਜਾਬ ਹਿਤੈਸ਼ੀ ਮਾਫ਼ੀਆ ਦੇ ਖ਼ਿਲਾਫ਼ ਬੋਲਦਾ ਹੈ ਤਾਂ ਸੁਨੀਲ ਜਾਖੜ ਕੈਪਟਨ ਦਾ ਬਚਾਅ ਕਰਨ ਲਈ ਅੱਗੇ ਆ ਜਾਂਦੇ ਹਨ। ਚੀਮਾ ਨੇ ਕਿਹਾ ਕਿ ਸੁਨੀਲ ਜਾਖੜ ਸ਼ਾਇਦ ਭੁੱਲ ਗਏ ਹਨ ਕਿ ਉਹ ਵੀ ਆਪਣੇ ਚੋਣ ਦੌਰਾਨ ਲੋਕਾਂ ਨੂੰ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਸਾਬਤ ਕਰਨ ਲਈ ਉਨ੍ਹਾਂ ਨਾਲ ਵੱਡੇ-ਵੱਡੇ ਵਾਅਦੇ ਕਰਦਿਆਂ ਕਿਹਾ ਕਿ ਉਹ ਆਪਣੀ ਜਿੱਤ ਤੋਂ ਬਾਅਦ ਬਿਜਲੀ ਦੇ ਹੋਏ ਘਾਤਕ ਸਮਝੌਤਿਆਂ ਨੂੰ ਰੱਦ ਕਰਵਾ ਕੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣਗੇ, ਪਰੰਤੂ ਅੱਜ ਸੁਨੀਲ ਜਾਖੜ ਆਪਣੇ ਕੀਤੇ ਸਾਰੇ ਵਾਅਦੇ ਭੁੱਲ ਕੇ ਰਾਜਾ ਅਮਰਿੰਦਰ ਸਿੰਘ ਦੇ ਹੱਕ 'ਚ ਬੋਲਦੇ ਨਜ਼ਰ ਆ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰਾਂ ਲੋਕਾਂ ਦੇ ਵਿਸ਼ਵਾਸ 'ਤੇ ਆਧਾਰਿਤ ਹੁੰਦੀਆਂ ਹਨ, ਪਰੰਤੂ ਪੰਜਾਬ ਦੇ ਲੋਕਾਂ ਅਤੇ ਵਿਰੋਧੀ ਧਿਰਾਂ ਦਾ ਤਾਂ ਛੱਡੋ, ਜਿਸ ਤਰੀਕੇ ਨਾਲ ਰਾਜਾ ਅਮਰਿੰਦਰ ਸਿੰਘ ਦੀ ਸਰਕਾਰ ਆਪਣੇ ਲੋਕਾਂ ਅਤੇ ਸੀਨੀਅਰ ਲੀਡਰਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ, ਅਜਿਹੇ ਹਾਲਾਤਾਂ ਵਿਚ ਰਾਜਾ ਅਮਰਿੰਦਰ ਸਿੰਘ ਨੂੰ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿ ਉਹ ਇੱਕ ਦਿਨ ਵੀ ਸੱਤਾ 'ਤੇ ਕਾਬਜ਼ ਰਹਿਣ, ਉਨ੍ਹਾਂ ਨੂੰ ਤੁਰੰਤ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਅਮਨ ਅਰੋੜਾ ਨੇ ਕਿਹਾ, ''ਮੈਂ ਕੈਪਟਨ ਅਮਰਿੰਦਰ ਸਿੰਘ ਨੂੰ 'ਰਾਜਾ ਅਮਰਿੰਦਰ ਸਿੰਘ' ਇਸ ਲਈ ਕਿਹਾ ਕਿਉਂਕਿ ਜਿਹੜੇ ਕੈਪਟਨ ਹੁੰਦੇ ਹਨ, ਉਹ ਸਮੇਂ ਆਉਣ 'ਤੇ ਦਲੇਰੀ ਨਾਲ ਅੱਗੇ ਹੋ ਲੜਾਈ ਲੜਦੇ ਹਨ, ਅਤੇ ਜਿਹੜੇ ਰਾਜੇ-ਮਹਾਰਾਜੇ ਹੁੰਦੇ ਹਨ ਉਹ ਆਪਣੇ ਮਹਿਲਾਂ ਵਿਚ ਬੇਫ਼ਿਕਰ ਹੋ ਕੇ ਆਰਾਮ ਫ਼ਰਮਾ ਰਹੇ ਹੁੰਦੇ ਹਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕੈਪਟਨ ਨਹੀਂ ਬਲਕਿ ਰਾਜਾ ਹੈ ਜੋ ਪੰਜਾਬ ਦੀ ਜਨਤਾ ਦੇ ਦੁੱਖ-ਦਰਦਾਂ ਨੂੰ ਭੁੱਲਾ ਕੇ ਬੇਫ਼ਿਕਰ ਆਪਣੇ ਫਾਰਮ ਹਾਊਸ 'ਤੇ ਆਰਾਮ ਫ਼ਰਮਾ ਰਹੇ ਹਨ।''
ਅਮਨ ਅਰੋੜਾ ਨੇ ਕਿਹਾ ਕਿ ਰਾਜਾ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨਸੀਹਤਾਂ ਤਾਂ ਬਹੁਤ ਦੇ ਰਹੇ ਹਨ। ਪਿਛਲੇ ਦਿਨਾਂ ਦੌਰਾਨ ਰਾਜਾ ਅਮਰਿੰਦਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਸੀਹਤ ਦਿੱਤੀ ਕਿ ਲਾਸ਼ਾਂ 'ਤੇ ਰਾਜਨੀਤੀ ਨਾ ਕਰੋ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਨ੍ਹਾਂ 110 ਪਰਿਵਾਰਾਂ ਦੇ ਕਮਾਊ ਮੈਂਬਰਾਂ ਨੂੰ ਲਾਸ਼ਾਂ ਵਿੱਚ ਕਿਸ ਨੇ 'ਕਨਵਰਟ' ਕੀਤਾ ਹੈ? ਇਨ੍ਹਾਂ ਮੌਤਾਂ ਦੇ ਜ਼ਿੰਮੇਵਾਰ ਖ਼ੁਦ ਰਾਜਾ ਅਮਰਿੰਦਰ ਸਿੰਘ ਹੀ ਹਨ, ਕਿਉਂਕਿ ਕਾਂਗਰਸ ਸਰਕਾਰ ਦੀ ਗ਼ਲਤ ਨੀਤੀਆਂ ਅਤੇ ਨਸ਼ੇ ਦੇ ਤਸਕਰਾਂ ਨੂੰ ਦਿੱਤੀ ਗਈ ਖੁੱਲ੍ਹ ਦਾ ਹੀ ਨਤੀਜਾ ਹੈ ਕਿ ਅੱਜ ਉਕਤ ਪਰਿਵਾਰਾਂ ਦੇ ਕਮਾਊ ਮੈਂਬਰਾਂ ਦੀ ਮੌਤ ਹੋਈ ਹੈ।