ਚੰਡੀਗੜ: ਮੋਹਾਲੀ ਸਥਿਤ ਅਮਿਟੀ ਯੂਨੀਵਰਸਿਟੀ ਵਿੱਚ ਚੱਲ ਰਹੇ ਪਹਿਲੇ ਟੂਰਿਜ਼ਮ ਸਮਿਟ ਦਾ ਅੱਜ ਦੂਜਾ ਦਿਨ ਹੈ ਜੋਕਿ 13 ਸਤੰਬਰ ਤੱਕ ਚੱਲੇਗਾ। ਬੀਤੇ ਦਿਨ ਇਸਦਾ (Tourism Summit in Punjab) ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਜਿਸ ਵਿਚ ਉਦਯੋਗ ਜਗਤ ਦੀਆਂ ਵੱਡੀਆਂ ਸਖ਼ਸ਼ੀਅਤਾਂ ਸਣੇ ਮਨੋਰੰਜਨ ਖੇਤਰ ਦੇ ਲੋਕ ਵੀ ਸ਼ਾਮਿਲ ਹੋਏ। ਮੁੰਬਈ ਤੋਂ ਕਾਮੇਡੀਅਨ ਕਪਿਲ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਇਸ ਸਮਿਟ ਦੇ ਪਹਿਲੇ ਦਿਨ ਸ਼ਿਰਕਤ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ।
CM ਮਾਨ ਬਾਰੇ ਬੋਲੇ ਕਪਿਲ ਸ਼ਰਮਾ : ਇਸ ਮੌਕੇ ਸੰਬੋਧਨ ਕਰਦਿਆਂ ਕਮੇਡੀਅਨ ਕਪਿਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਬਹੁਤ ਕੁੱਝ ਸਿੱਖਿਆ ਹੈ ਅਤੇ ਇਹ ਸਿਲਸਿਲਾ ਜਾਰੀ ਹੈ। ਕਪਿਲ ਨੇ ਕਿਹਾ ਕਿ ਲੋਕਾਂ ਨੂੰ ਪੰਜਾਬ ਆ ਕੇ ਇਸਦੇ ਇਤਿਹਾਸ ਨੂੰ ਸਮਝਣਾ ਚਾਹੀਦਾ ਹੈ। ਪੰਜਾਬ ਬਹੁਤ ਖੂਬਸੂਰਤ ਹੈ ਅਤੇ ਇਸਦੀ ਖੂਬਸੂਰਤੀ ਦੇ ਦਰਸ਼ਨ ਪੂਰੇ ਸੰਸਾਰ ਨੂੰ ਕਰਨੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਉਹ ਪੰਜਾਬ ਲਈ ਜੋ ਵੀ ਜਿੰਮੇਦਾਰੀ ਮਿਲੇਗੀ, ਉਸਨੂੰ ਨਿਭਾਉਣ ਲਈ ਹਾਜਿਰ ਹਨ।
ਦੇਸ਼ ਵਿਦੇਸ਼ ਦੇ ਲੋਕਾਂ ਨੂੰ ਸੱਦਾ : ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਦੇਸ਼ ਵਿਦੇਸ਼ ਤੋਂ ਲੋਕਾਂ ਨੂੰ ਇਸ ਸਮਿਟ (Cabinet Minister Anmol Gagan maan) ਦਾ ਹਿੱਸਾ ਬਣਨ ਲਈ ਖੁੱਲਾ ਸੱਦਾ ਦਿੱਤਾ। ਇਸ ਸੰਮੇਲਨ ਦੌਰਾਨ ਲੋਕਾਂ ਨੂੰ ਪੰਜਾਬ ਆਉਣ ਅਤੇ ਇਸ ਦੇ ਸੱਭਿਆਚਾਰ ਨੂੰ ਜਾਣਨ ਦਾ ਸੱਦਾ ਦਿੱਤਾ ਹੈ। ਮੋਹਾਲੀ ਏਅਰਪੋਰਟ ਅਤੇ ਇਕ ਨਿੱਜੀ ਯੂਨੀਵਰਸਿਟੀ ਨੇੜੇ 13 ਸਤੰਬਰ ਤੱਕ ਹੋਣ ਵਾਲੇ ਪੰਜਾਬ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ 2023 ਨੂੰ ਲੈ ਕੇ ਸੈਰ ਸਪਾਟਾ ਵਿਭਾਗ ਕਾਫ਼ੀ ਉਤਸ਼ਾਹਿਤ ਹੈ।
ਪੁਲਿਸ ਪ੍ਰਸ਼ਾਸਨ ਅਤੇ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (Greater Mohali Area Development Authority) ਦੇ ਅਧਿਕਾਰੀਆਂ ਵੱਲੋਂ ਇਥੋਂ ਦੇ ਪ੍ਰਬੰਧ ਸੰਭਾਲੇ ਜਾ ਰਹੇ ਹਨ। ਸੂਬਾ ਸਰਕਾਰ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀ ਨਿਵੇਸ਼ਕਾਂ ਦੀ ਆਮਦ ਦੀ ਉਡੀਕ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਮਿਟ ਦੌਰਾਨ ਕਈ ਤਰ੍ਹਾਂ ਦੇ ਵੱਡੇ ਪ੍ਰੋਜੈਕਟ ਸਥਾਪਿਤ ਕੀਤੇ ਜਾ ਸਕਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵੰਡਰਲਾ ਗਰੁੱਪ ਮੁਹਾਲੀ ਵਿੱਚ 500 ਕਰੋੜ ਰੁਪਏ ਦਾ ਨਿਵੇਸ਼ ਕਰਕੇ ਥੀਮ ਪਾਰਕ ਅਤੇ ਵਾਟਰ ਸਪੋਰਟਸ ਸਥਾਪਤ ਕਰਨ ਦਾ ਮਨ ਬਣਾ ਰਿਹਾ ਹੈ।
ਅੱਜ ਆਮ ਲੋਕਾਂ ਨੂੰ ਸਮਰਪਿਤ : ਟਰੈਵਲ ਮਾਰਟ ਅਤੇ ਟੂਰਿਜ਼ਮ ਸਮਿਟ ਦੇ ਦੂਜੇ ਦਿਨ ਅੱਜ ਆਮ ਲੋਕਾਂ ਲਈ ਸਮਰਪਿਤ ਕੀਤਾ ਗਿਆ ਤਾਂ ਜੋ ਲੋਕ ਆ ਕੇ ਪੰਜਾਬੀ ਸੱਭਿਆਚਾਰ ਅਤੇ ਟੂਰਿਜ਼ਮ ਖੇਤਰ ਤੋਂ ਜਾਣੂੰ ਹੋ ਸਕਣ। ਇਸ ਦੌਰਾਨ ਕਈ ਤਰ੍ਹਾਂ ਸਟਾਲ ਟ੍ਰੈਵਲ ਮਾਰਟ ਵਿਚ ਲਗਾਈਆਂ ਗਈਆਂ ਹਨ। ਸੈਰ ਸਪਾਟਾ ਵਿਭਾਗ ਵੱਲੋਂ ਇੱਕ ਮਿਊਜ਼ੀਅਮ ਵੀ ਖੋਲ੍ਹਿਆ ਗਿਆ ਹੈ ਅਤੇ ਇੱਕ ਵਨ ਵ੍ਹੀਲਰ ਬੱਸ ਵੀ ਤਿਆਰ ਕੀਤੀ ਗਈ ਹੈ, ਜਿਸ ਰਾਹੀਂ ਉਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਧਾਰਮਿਕ ਸਥਾਨਾਂ ਅਤੇ ਸ਼ਹੀਦੀ ਯਾਦਗਾਰਾਂ ਦੇ ਦਰਸ਼ਨ ਕਰ ਸਕਦੇ ਹਨ। ਇਸ ਪ੍ਰਦਰਸ਼ਨੀ ਵਿਚ ਪੰਜਾਬੀ ਸੱਭਿਆਚਾਰ ਦੀਆਂ ਝਾਕੀਆਂ ਵੀ ਦਿਖਾਈਆਂ ਜਾ ਰਹੀਆਂ ਹਨ।