ਚੰਡੀਗੜ੍ਹ : ਕੈਨੇਡਾ ਦੀ ਦ੍ਰਿਸ਼ਟੀ ਪੰਜਾਬ ਸੰਸਥਾ ਵੱਲੋਂ 12ਵਾਂ ਵਜ਼ੀਫਾ ਵੰਡ ਸਮਾਗਮ ਚੰਡੀਗੜ੍ਹ ਵਿਚ ਕਰਵਾਇਆ ਗਿਆ, ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਸ਼ਿਰਕਤ ਕੀਤੀ। ਦ੍ਰਿਸ਼ਟੀ ਪੰਜਾਬ ਵੱਲੋਂ ਹਰ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਹੋਣਹਾਰ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਮਦਦ ਦੇਣ ਲਈ ਵਜ਼ੀਫੇ ਦਿੱਤੇ ਜਾਂਦੇ ਹਨ। 10ਵੀਂ ਕਲਾਸ ਦੇ 19 ਬੱਚਿਆਂ ਨੂੰ 50,000 ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਇਸ ਮੌਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਉਥੇ ਹੀ ਆਗਾਮੀ ਪੰਜਾਬ ਵਿਧਾਨ ਸਭਾ ਇਜਲਾਸ ਬਾਰੇ ਵੀ ਚਰਚਾ ਕੀਤੀ।
ਮੁੱਖ ਮਹਿਮਾਨ ਬਣਕੇ ਆਏ ਪੰਜਾਬ ਵਿਧਾਨ ਸਭਾ ਸਪੀਕਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਆਪਣੀ ਕਮਾਈ ਵਿਚ ਦਸਵੰਧ ਕੱਢਣ ਦਾ ਇਹ ਚੰਗਾ ਉਪਰਾਲਾ ਹੈ। ਕੈਨੇਡਾ ਵਸਨੀਕ ਹਰਮਿੰਦਰ ਸਿੰਘ ਦੀ ਇਹ ਚੰਗੀ ਸੋਚ ਹੈ, ਜੋ ਬੱਚਿਆਂ ਦੀ ਪੜ੍ਹਾਈ ਲਈ ਆਪਣੀ ਕਮਾਈ ਵਿਚੋਂ ਹਿੱਸਾ ਪਾਇਆ ਜਾ ਰਿਹਾ ਹੈ। ਹੋਰਨਾਂ ਨੂੰ ਵੀ ਇਸਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Farmer Runs Tractor Over Standing Crop: ਇੱਕ ਰੁਪਏ ਕਿਲੋ ਬੰਦ ਗੋਭੀ, ਕਿਸਾਨ ਨੇ 5 ਏਕੜ ਖੜੀ ਫਸਲ 'ਚ ਚਲਾਇਆ ਟਰੈਕਟਰ
ਅੱਜ ਤੋਂ ਸ਼ੁਰੂ ਹੋ ਰਿਹਾ ਹੈ ਵਿਧਾਨ ਸਭਾ ਇਜਲਾਸ : ਵਿਧਾਨ ਸਭਾ ਸੈਸ਼ਨ ਬਾਰੇ ਬੋਲਦਿਆਂ ਕੁਲਤਾਰ ਸੰਧਵਾਂ ਨੇ ਕਿਹਾ ਕਿ ਸਰਕਾਰ ਵੱਲੋਂ ਵਿਧਾਨ ਸਭਾ ਇਜਲਾਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਹ ਸੰਵਿਧਾਨਕ ਜ਼ਰੂਰਤ ਹੈ ਕਿ ਬਜਟ ਸੈਸ਼ਨ ਕਰਵਾਇਆ ਜਾਵੇ। ਆਉਂਦੇ ਦਿਨਾਂ ਵਿਚ ਵਿਧਾਨ ਸਭਾ ਇਜਲਾਸ ਦੌਰਾਨ ਵਧੀਆ ਭਾਸ਼ਣ ਅਤੇ ਬਹਿਸ ਹੋਵੇਗੀ ਅਤੇ ਵਧੀਆ ਤਰੀਕੇ ਨਾਲ ਵਿਧਾਨ ਸਭਾ ਦੀ ਕਾਰਵਾਈ ਚੱਲੇਗੀ ਤਾਂ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜਪਾਲ ਅਤੇ ਸਰਕਾਰ ਵਿਚਕਾਰ ਤਕਰਾਰ ਹੁਣ ਠੀਕ ਹੋ ਗਈ ਹੈ। ਸਰਕਾਰ ਵਿਚ ਰਿਸ਼ਤੇ ਬਹਾਲ ਹੁੰਦੇ ਹਨ ਨਾ ਕਿ ਤੋੜੇ ਜਾਂਦੇ ਹਨ। ਪੰਜਾਬੀ ਰਿਸ਼ਤੇ ਤੋੜਦੇ ਨਹੀਂ ਹਮੇਸ਼ਾ ਬਣਾ ਕੇ ਰੱਖਦੇ ਹਨ।
ਸਦਨ ਵਿਚ ਮਰਿਆਦਾ ਦਾ ਪਾਲਨ ਹੋਵੇਗਾ : ਕੁਲਤਾਰ ਸੰਧਵਾਂ ਨੇ ਕਿਹਾ ਕਿ ਵਿਧਾਨ ਸਭਾ ਪਵਿੱਤਰ ਸਦਨ ਹੈ, ਜਿਸ ਵਿਚ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਵਿਰੋਧੀ ਧਿਰ ਦੀ ਹੁੰਦੀ ਹੈ। ਕਿਸ ਤਰ੍ਹਾਂ ਮਰਿਆਦਾ ਵਿਚ ਰਹਿ ਕੇ ਜ਼ਿਆਦਾ ਤੋਂ ਜ਼ਿਆਦਾ ਮਸਲਿਆਂ ਦੀ ਚਰਚਾ ਕੀਤੀ ਜਾਵੇ। ਸਰਕਾਰ ਅਤੇ ਵਿਰੋਧੀ ਧਿਰ ਵੱਲੋਂ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਪੂਰੇ ਮਾਨ ਅਤੇ ਮਰਿਆਦਾ ਨਾਲ ਸਦਨ ਚਲਾਇਆ ਜਾਵੇ। ਇਸ ਵਾਰ ਨਵੇਂ ਵਿਧਾਇਕਾਂ ਦੀ ਟ੍ਰੇਨਿੰਗ ਕਰਵਾਈ ਗਈ ਹੈ ਜਿਸ ਨਾਲ ਸਦਨ ਵਿਚ ਇਸਦਾ ਅਸਰ ਵੀ ਵੇਖਣ ਨੂੰ ਮਿਲੇਗਾ। ਸਦਨ ਵਿਚ ਕੁਆਲਿਟੀ ਡਿਬੇਟ ਹੋਵੇਗੀ ਅਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਡਿਬੇਟ ਲਈ ਦਿੱਤਾ ਜਾਵੇਗਾ।
ਸਪੀਕਰ ਦਾ ਕੋਈ ਵੀ ਵਿਰੋਧੀ ਨਹੀਂ : ਵਿਰੋਧੀ ਧਿਰਾਂ ਨੂੰ ਸਮਾਂ ਨਹੀਂ ਮਿਲਦਾ ਇਸ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਪੀਕਰ ਦਾ ਕੋਈ ਵੀ ਵਿਰੋਧੀ ਨਹੀਂ ਹੁੰਦਾ। ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵੇਂ ਸਪੀਕਰ ਦੇ ਆਪਣੇ ਹਨ। ਮੁੱਖ ਮੰਤਰੀ ਦੇ ਵਿਰੋਧੀ ਸਦਨ ਵਿਚ ਹੁੰਦੇ ਹਨ ਮੇਰੇ ਤਾਂ 116 ਹੀ ਆਪਣੇ ਹਨ। ਸਭ ਨੂੰ ਬਰਾਬਰ ਸਮਾਂ ਦਿੱਤਾ ਜਾਂਦਾ ਹੈ।