ਚੰਡੀਗੜ੍ਹ: ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵਿਧਾਨ ਸਭਾ ਚੋਣਾਂ (Punjab Assembly Elections) ਵਿੱਚ ਨਾ ਤਾਂ ਐਨ.ਆਰ. ਆਈ (NRI) ਕੰਮ ਆਏ 'ਤੇ ਨਾ ਹੀ ਡੇਰੇ ਦਾ ਕੋਈ ਪ੍ਰਭਾਵ ਨਜ਼ਰ ਆਇਆ। ਹਾਲਾਤ ਇਹ ਬਣ ਗਏ ਕਿ ਡੇਰਿਆਂ ਨੇ ਵੀ ਪੰਜਾਬ ਦੀ ਸਿਆਸਤ ਤੋਂ ਮੂੰਹ ਮੋੜ ਲਿਆ ਹੈ, ਹਾਲਾਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਡੇਰਿਆਂ ਦੀਆਂ ਵੋਟਾਂ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Punjab Assembly Elections) ਹੋਣ ਕਾਰਨ ਇਸ ਵਾਰ ਹਰ ਪਾਰਟੀ ਦੇ ਦਿੱਗਜ ਆਗੂਆਂ ਨੇ ਪੰਜਾਬ ਦੇ ਵੱਡੇ ਡੇਰਿਆਂ ਵਿੱਚ ਜਾ ਕੇ ਮੱਥਾ ਟੇਕਿਆ। ਜਿੱਥੇ ਇੱਕ ਪਾਸੇ ਰਾਹੁਲ ਗਾਂਧੀ, ਚਰਨਜੀਤ ਸਿੰਘ ਚੰਨੀ ਸਮੇਤ ਕਈ ਦਿੱਗਜ ਆਗੂ ਜਲੰਧਰ 'ਚ ਦਲਿਤਾਂ ਦੇ ਸਭ ਤੋਂ ਵੱਡੇ ਡੇਰੇ ਡੇਰਾ ਬੱਲਾ ਪੁੱਜੇ ਸਨ।
ਮੰਨਿਆ ਜਾ ਰਿਹਾ ਸੀ ਕਿ ਪੰਜਾਬ ਵਿੱਚ 33% ਦਲਿਤ ਵੋਟ ਹਨ ਅਤੇ ਇਨ੍ਹਾਂ ਦੀ ਜ਼ਿਆਦਾਤਰ ਵੋਟ ਡੇਰੇ ਨਾਲ ਸਬੰਧਿਤ ਹੈ। ਕਿਆਸ ਲਗਾਏ ਜਾ ਰਹੇ ਸਨ ਡੇਰਿਆਂ ਦਾ ਇਹਨਾਂ ਵੋਟਾਂ ਕਾਰਨ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਪ੍ਰਭਾਵ ਪੈ ਸਕਦਾ ਹੈ। ਪਰ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ।
ਜਿੱਥੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਦਿੱਗਜ ਨੇਤਾ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਰਾਧਾ ਸੁਆਮੀ ਡੇਰੇ ਦੇ ਸੰਚਾਲਕ ਨੂੰ ਮਿਲਨ ਗਏ ਸਨ ਜਿਨ੍ਹਾਂ ਦੀ ਫੋਟੋ ਵੀ ਰਾਧਾ ਸੁਆਮੀ ਸੰਚਾਲਕ ਨਾਲ ਵਾਇਰਲ ਹੋਈ ਸੀ। ਉੱਥੇ ਹੀ ਭਾਜਪਾ ਨੂੰ ਇਸ ਰਾਹੀਂ ਪੰਜਾਬ ਵਿੱਚ ਡੇਰਾ ਪ੍ਰੇਮੀਆਂ ਤੋਂ ਵੱਡੀਆਂ ਵੋਟਾਂ ਦੀ ਉਮੀਦ ਸੀ। ਪਰ ਇਹ ਤਸਵੀਰਾਂ ਸਿਰਫ਼ ਤਸਵੀਰਾਂ ਹੀ ਰਹਿ ਗਈਆਂ।
ਇਸ ਤੋਂ ਇਲਾਵਾ ਇਸ ਵਾਰ ਪੰਜਾਬ ਚੋਣਾਂ ਕਾਰਨ ਡੇਰਾ ਸੱਚਾ ਸੌਦਾ ਦਾ ਸੰਚਾਲਕ ਬਾਬਾ ਰਾਮ ਰਹੀਮ ਵੀ ਫਰਲੋ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਇਹ ਕਿਆਸ ਲਗਾਏ ਜਾ ਰਹੇ ਸਨ ਕਿ ਡੇਰਾ ਸੱਚਾ ਸੌਦਾ ਮਾਲਵੇ ਦੀਆਂ ਜ਼ਿਆਦਾਤਰ ਸੀਟਾਂ 'ਤੇ ਆਪਣਾ ਪ੍ਰਭਾਵ ਰੱਖਦਾ ਹੈ ਪਰ ਇਸ ਚੋਣਾ 'ਚ ਸੱਚਾ ਸੌਦਾ ਦਾ ਜਾਦੂ ਨਹੀਂ ਚਲਿਆ। ਜਿਸ ਕਾਰਨ ਸਾਰੀਆਂ ਪਾਰਟੀਆਂ ਚਾਰੋ ਖਾਨੇ ਚਿੱਤ ਹੋ ਗਈਆ। ਹਾਲਾਤ ਇਹ ਬਣ ਗਏ ਕਿ ਬਾਬਾ ਰਾਮ ਰਹੀਮ ਮੁੜ ਜੇਲ੍ਹ ਦੇ ਅੰਦਰ ਚਲਾ ਗਿਆ ਅਤੇ ਉਸ ਤੋਂ ਆਸ ਕਰਨ ਵਾਲੀਆਂ ਪਾਰਟੀਆਂ ਦੇ ਆਗੂ ਵਿਧਾਨ ਸਭਾ ਤੋਂ ਬਾਹਰ ਹੋ ਗਏ।
ਜ਼ਾਹਿਰ ਹੈ ਕਿ ਇਸ ਵਾਰ ਲੋਕਾਂ ਨੇ ਡੇਰਾ ਮੁਖੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਹਾਲਾਂਕਿ ਜੇਕਰ ਜਲੰਧਰ ਦੇ ਡੇਰਾ ਬੱਲਾ ਅਤੇ ਰਾਧਾ ਸੁਆਮੀ ਡੇਰੇ ਦੀ ਗੱਲ ਕਰੀਏ ਤਾਂ ਇਨ੍ਹਾਂ ਡੇਰਿਆਂ ਨੇ ਖੁੱਲ੍ਹ ਕੇ ਕਿਸੇ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਨਹੀਂ ਕੀਤੀ ਪਰ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਨੂੰ ਪੂਰੀ ਉਮੀਦ ਸੀ ਕਿ ਇਹ ਡੇਰੇ ਉਨ੍ਹਾਂ ਦਾ ਸਾਥ ਦੇਣਗੇ।
ਇਸ ਸਭ ਦੇ ਬਾਵਜੂਦ ਅੱਜ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੀ ਜੋ ਹਾਲਤ ਹੋਈ ਹੈ। ਉਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਲੋਕ ਡੇਰਿਆਂ ਦੀ ਨਹੀਂ ਮੁੱਦਿਆਂ 'ਤੇ ਰਾਜਨੀਤੀ ਕਰ ਰਹੇ ਹਨ। ਇਹੀ ਕਾਰਨ ਹੈ ਕਿ ਪੰਜਾਬ 'ਚ ਭਾਜਪਾ ਨੂੰ ਸਿਰਫ਼ 2 ਸੀਟਾਂ 'ਤੇ ਅਕਾਲੀ ਦਲ ਬਸਪਾ ਸਮੇਤ ਸਿਰਫ਼ 4 ਸੀਟਾਂ ਹੀ ਮਿਲ ਸਕੀਆਂ ਅਤੇ ਪਿਛਲੀ ਵਾਰ 77 ਸੀਟਾਂ ਜਿੱਤਣ ਵਾਲੀ ਕਾਂਗਰਸ ਇਸ ਵਾਰ ਸਿਰਫ਼ 18 ਸੀਟਾਂ 'ਤੇ ਹੀ ਸਿਮਟ ਗਈ।
ਇਹ ਵੀ ਪੜ੍ਹੋ:- ਕੀ ਹੈ ਕੈਪਟਨ ਦਾ ਅਗਲਾ ਪਲੈਨ, ਪੜ੍ਹੋ ਪੂਰੀ ਖ਼ਬਰ...