ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਤੋਂ ਬਾਅਦ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵੀੀ ਇਸ ਦੁਕਾਨਦਾਰ ਤੋਂ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕੇ। ਇਸ ਲਈ ਉਨ੍ਹਾਂ ਆਪਣੇ ਮਹੀਨਾ ਭਰ ਕੀਤੇ ਜਾਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਚ ਇਸ ਰੇਹੜੀ ਵਾਲੇ ਦੀ ਚਰਚਾ ਕੀਤੀ..
ਜਦੋਂਕਿ ਇਸ ਤੋਂ ਪਹਿਲਾਂ ਰਾਜਪਾਲ ਵੀ.ਪੀ ਸਿੰਘ ਬਦਨੌਰ ਖ਼ੁਦ ਆਪਣੇ ਟਵਿੱਟਰ ਹੈਂਡਲ 'ਤੇ ਇਸ ਦੁਕਾਨਦਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਹ ਦੁਕਾਨਦਾਰ ਚੰਡੀਗੜ੍ਹ ਦੇ ਸੈਕਟਰ 29 ਵਿੱਚ ਦੁਪਹਿਰ ਸਮੇ ਲੋਕਾਂ ਨੂੰ ਛੋਲੇ ਭਟੂਰੇ ਖੁਆਉਣ ਲਈ ਇਕ ਛੋਟੀ ਜਿਹੀ ਦੁਕਾਨ ਲਗਾਉਂਦਾ ਹੈ।
ਦੁਕਾਨਦਾਰ ਬਾਰੇ ਟਵੀਟ ਕਰਦਿਆਂ ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਨੇ ਲਿਖਿਆ ਹੈ ਕਿ ਉਹ ਇਸ ਦੁਕਾਨਦਾਰ ਦੀ ਭਾਵਨਾ ਨੂੰ ਸਲਾਮ ਕਰਦਾ ਹੈ, ਉਹ ਟੀਕਾ ਲਗਵਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਸਾਨੂੰ ਸਾਰਿਆਂ ਨੂੰ ਇੱਕ ਦੁਕਾਨਦਾਰ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਕਰੋਨਾ ਨੂੰ ਹਰਾਉਣ ਲਈ ਇੱਕ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ।
ਦੁਕਾਨਦਾਰ ਸੰਜੇ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 2 ਹਫ਼ਤਿਆਂ ਤੋਂ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਛੋਲੇ ਭਟੂਰੇ ਮੁਫਤ ਖਵਾ ਰਿਹਾ ਹੈ। ਰੋਜ਼ਾਨਾ ਲਗਭਗ 30 ਲੋਕ ਉਸ ਕੋਲ ਆਉਂਦੇ ਹਨ। ਲੋਕ ਉਸਨੂੰ ਟੀਕਾ ਲਗਵਾਉਣ ਦਾ ਸਰਟੀਫਿਕੇਟ ਦਿਖਾਉਂਦੇ ਹਨ ਅਤੇ ਉਹ ਉਨ੍ਹਾਂ ਨੂੰ ਛੋਲੇ ਭਟੂਰੇ ਦੀ ਪਲੇਟ ਮੁਫਤ ਦਿੰਦਾ ਹੈ। ਉਸਨੇ ਦੱਸਿਆ ਕਿ ਉਸਦੀ ਲੜਕੀ ਨੇ ਉਸਨੂੰ ਅਜਿਹਾ ਕਰਨ ਦਾ ਸੁਝਾਅ ਦਿੱਤਾ ਸੀ, ਜਿਸ ਨੂੰ ਉਸਨੇ ਸਵੀਕਾਰ ਕਰ ਲਿਆ ਅਤੇ ਟੀਕੇ ਲਗਵਾਉਣ ਵਾਲੇ ਲੋਕਾਂ ਨੂੰ ਮੁਫਤ ਵਿੱਚ ਛੋਲੇ ਭਟੂਰੇ ਖੁਆਉਣੇ ਸ਼ੁਰੂ ਕਰ ਦਿੱਤੇ। ਇਸਦੇ ਲਈ ਉਹ ਹਰ ਰੋਜ਼ ਹੋਰ ਚੀਜ਼ਾਂ ਲੈ ਕੇ ਆਉਂਦੇ ਹਨ ਤਾਂ ਜੋ ਖਾਣ ਪੀਣ ਦੀਆਂ ਚੀਜ਼ਾਂ ਦੀ ਘਾਟ ਨਾ ਹੋਵੇ।
ਇਹ ਵੀ ਪੜ੍ਹੋ:ਕਿਸਾਨ ਦੇ ਹੱਕ 'ਚ ਖੜਨ ਦਾ ਮਿਲਿਆ Gold medal: ਜੋਸ਼ੀ
ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਹੁਣ ਤੱਕ ਛੇ ਲੱਖ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ। ਕੁੱਲ 6,04,392 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਪਿਛਲੇ ਇੱਕ ਹਫਤੇ ਵਿੱਚ ਔਸਤਨ 7,642 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। 18 ਤੋਂ 44 ਸਾਲ ਦੀ ਉਮਰ ਸਮੂਹ ਦੇ 5,269 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਹੁਣ ਤੱਕ 6,04,392 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।