ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਤੋਂ ਖੌਫ਼ਨਾਕ ਅਪਰਾਧੀ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਵਿਚ ਸੁਖ-ਸਹੂਲਤਾਂ ਦੇਣ ਲਈ ਸਰਕਾਰੀ ਖਜ਼ਾਨੇ ਵਿੱਚੋਂ 55 ਲੱਖ ਰੁਪਏ ਦੀ ਅਦਾਇਗੀ ਕਰਨ ਬਾਰੇ ਫਾਈਲ ਨੂੰ ਵਾਪਸ ਮੋੜ ਦਿੱਤਾ ਹੈ। ਮੁੱਖ ਮੰਤਰੀ ਨੇ ਇਸਨੂੰ ਲੋਕਾਂ ਦੇ ਪੈਸੇ ਦੀ ਅੰਨ੍ਹੀ ਲੁੱਟ ਦੱਸਦੇ ਹੋਏ ਕਿਹਾ ਕਿ ਅਜਿਹਾ ਵਰਤਾਰਾ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਲੰਘੀਆਂ ਸਰਕਾਰਾਂ ਨੂੰ ਪਤਾ ਸੀ : ਉਨ੍ਹਾਂ ਕਿਹਾ ਕਿ ਇਸ ਖਤਰਨਾਕ ਅਪਰਾਧੀ ਨੂੰ ਰੋਪੜ ਜੇਲ੍ਹ ਵਿਚ ਸੁਖ-ਸਹੂਲਤਾਂ ਦਿੱਤੇ ਜਾਣ ਬਾਰੇ ਤਾਂ ਪਿਛਲੀਆਂ ਸਰਕਾਰਾਂ ਹੀ ਭਲੀ-ਭਾਂਤ ਜਾਣਦੀਆਂ ਹੋਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਅਰਾਮਦਾਇਕ ਠਹਿਰ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਪਿਛਲੀ ਸਰਕਾਰ ਨੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਕਿ ਇਸ ਖੌਫਨਾਕ ਅਪਰਾਧੀ ਨੂੰ ਜੇਲ੍ਹ ਵਿਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਸ ਦਾ ਕਾਨੂੰਨੀ ਤੌਰ ਉਤੇ ਬਚਾਅ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸੱਤਾਧਾਰੀਆਂ ਦਾ ਇਸ ਅਪਰਾਧੀ ਉਤੇ ਮਿਹਰਬਾਨ ਹੋਣ ਦੀ ਹਕੀਕਤ ਦਾ ਪਤਾ ਇਸ ਤੱਥ ਤੋਂ ਲੱਗ ਜਾਂਦਾ ਹੈ ਕਿ ਉਸ ਦੇ ਖਿਲਾਫ਼ 48 ਵਾਰੰਟ ਜਾਰੀ ਹੋਏ ਪਰ ਉਸ ਸਮੇਂ ਦੀ ਸਰਕਾਰ ਨੇ ਇਸ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਉਸ ਨੂੰ ਪੇਸ਼ ਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਕਿੰਨਾ ਹੈਰਾਨੀਜਨਕ ਹੈ ਕਿ ਉਸ ਮੌਕੇ ਦੀ ਸਰਕਾਰ ਨੇ ਰੋਪੜ ਜੇਲ੍ਹ ਵਿਚ ਬੰਦ ਇਸ ਅਪਰਾਧੀ ਦੇ ਹਿੱਤ ਪਾਲਣ ਲਈ ਟੈਕਸ ਭਰਨ ਵਾਲੇ ਲੋਕਾਂ ਦੇ 55 ਲੱਖ ਰੁਪਏ ਖਰਚ ਦਿੱਤੇ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਪੈਸੇ ਦੀ ਇਹ ਅੰਨ੍ਹੀ ਲੁੱਟ ਪੂਰੀ ਤਰ੍ਹਾਂ ਗੈਰ-ਵਾਜਬ ਹੈ ਅਤੇ ਉਨ੍ਹਾਂ ਨੇ ਇਸ ਬਾਰੇ ਫਾਈਲ ਵਿਭਾਗ ਨੂੰ ਵਾਪਸ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ : Agriculture Department in action, ਐਕਸ਼ਨ 'ਚ ਖੇਤੀਬਾੜੀ ਵਿਭਾਗ, ਬਠਿੰਡਾ 'ਚ ਗੁਦਾਮਾਂ 'ਤੇ ਕੀਤੀ ਛਾਪਾਮਾਰੀ, ਭਾਰੀ ਮਾਤਰਾ 'ਚ ਪੈਸਟੀਸਾਈਡ ਬਰਾਮਦ
ਪੈਸੇ ਦੀ ਲੁੱਟ ਬਰਦਾਸ਼ਤ ਨਹੀਂ : ਮੁੱਖ ਮੰਤਰੀ ਨੇ ਕਿਹਾ ਕਿ ਕਰਦਾਤਿਆਂ ਦੇ ਪੈਸੇ ਦੀ ਲੁੱਟ ਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਗਲਤ ਫੈਸਲਾ ਲੈਣ ਵਾਲੇ ਤਤਕਾਲੀ ਮੰਤਰੀਆਂ ਪਾਸੋਂ ਇਹ ਰਕਮ ਵਸੂਲਣ ਉਤੇ ਵਿਚਾਰ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਘਿਨਾਉਣੇ ਜੁਰਮ ਵਿਚ ਸ਼ਾਮਲ ਹਰੇਕ ਵਿਅਕਤੀ ਨੂੰ ਇਸ ਗੁਨਾਹ ਲਈ ਜਵਾਬਦੇਹ ਬਣਾਇਆ ਜਾਵੇਗਾ। (ਪ੍ਰੈੱਸ ਨੋਟ)