ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਕਾਰਨ ਦੇਸ਼ ਦੀ ਰਫਤਾਰ ਰੁਕ ਜਿਹੀ ਗਈ ਹੈ। ਪੂਰੇ ਭਾਰਤ ਵਿੱਚ ਜਨਤਕ ਥਾਵਾਂ ਜਿਵੇਂ ਕਿ ਸਿਨੇਮਾ ਘਰ, ਪਾਰਕ ਆਦਿ ਜਾਣ ਦੀ ਸਖਤ ਮਨਾਹੀ ਹੈ।
ਇਨ੍ਹਾਂ ਸਭ ਜਨਤਕ ਥਾਵਾਂ ਤੋਂ ਇਲਾਵਾ ਗੁਰਦੁਆਰਿਆਂ ਅਤੇ ਮੰਦਰਾਂ 'ਤੇ ਵੀ ਲੋਕਾਂ ਦੀ ਆਮਦ ਬਿਲਕੁਲ ਨਾ ਦੇ ਬਰਾਬਰ ਰਹਿ ਗਈ ਹੈ। ਗੁਰਦੁਆਰਿਆਂ, ਮੰਦਰਾਂ ਦੇ ਪਾਠੀ ਅਤੇ ਪੁਜਾਰੀ ਨੂੰ ਵੀ ਇਸ ਤਾਲਾਬੰਦੀ ਦੀ ਮਾਰ ਝੱਲਣੀ ਪੈ ਰਹੀ ਹੈ। ਦੇਸ਼ ਵਿੱਚ ਫੈਲੀ ਮਹਾਂਮਾਰੀ ਕਰਕੇ ਹੋਈ ਤਾਲਾਬੰਦੀ ਨੂੰ ਲਾਗੂ ਹੋਇਆਂ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ ਨਿਰਦੇਸ਼ਾਂ ਮੁਤਾਬਕ ਗੁਰੂਘਰ, ਮੰਦਰ, ਮਸਜਿਦ, ਗਿਰਜਾਘਰ ਸਭ ਤਾਲਾਬੰਦੀ ਅਧੀਨ ਹਨ।
ਲੌਕਡਾਊਨ ਦੌਰਾਨ ਜਿਸ ਤਰ੍ਹਾਂ ਗਰੀਬਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ ਉੱਥੇ ਹੀ ਕੋਰੋਨਾ ਨੇ ਰੱਬ ਦੇ ਆਗੂਆਂ ਦੇ ਵੀ ਭਾਰੀ ਗਾਜ ਸੁੱਟੀ ਹੈ। ਈਟੀਵੀ ਭਾਰਤ ਦੀ ਟੀਮ ਨੇ ਮੰਦਰਾਂ ਦੇ ਪੰਡਤਾਂ ਨਾਲ ਗੱਲਬਾਤ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ।
ਇਹ ਵੀ ਪੜ੍ਹੋ- ਚੰਡੀਗੜ੍ਹ: ਸ਼ਰਾਬ ਦੇ ਠੇਕੇ ਖੁੱਲ੍ਹਦੇ ਹੀ ਕੋਰੋਨਾ ਨੂੰ ਭੁਲੇ ਲੋਕ, ਲੱਗੀਆਂ ਲੰਮੀਆਂ-ਲੰਮੀਆਂ ਲਾਈਨਾਂ
ਗੱਲਬਾਤ ਕਰਦਿਆਂ ਪੰਡਿਤ ਕਿਸ਼ੋਰੀ ਲਾਲ ਨੇ ਦੱਸਿਆ ਕਿ ਲੌਕਡਾਊਨ ਕਾਰਨ ਮੰਦਰ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਕਮੀ ਆਈ ਹੈ ਜਿਸ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਡਾਂਵਾਡੋਲ ਹੋ ਗਈ ਹੈ। ਲੌਕਡਾਊਨ ਦੌਰਾਨ ਉਨ੍ਹਾਂ ਨੇ ਪੰਡਿਤਾਂ ਅਤੇ ਬ੍ਰਾਹਮਣਾਂ ਨੂੰ ਸੌ ਫੀਸਦ ਨੁਕਸਾਨ ਹੋਣ ਦੀ ਗੱਲ ਆਖੀ ਹੈ।
ਪੰਡਿਤ ਜੈ ਰਾਮ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਵਿਆਹ 'ਤੇ ਵੀ ਪਾਬੰਦੀਆਂ ਲੱਗੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਡਿਤਾਂ ਨੇ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਕੋਈ ਆਰਥਿਕ ਸਹਾਇਤਾ ਨਾ ਦਿੱਤੇ ਜਾਣ ਦਾ ਖ਼ੁਲਾਸਾ ਕੀਤਾ ਹੈ।
ਪੰਡਿਤਾਂ ਨੇ ਈਟੀਵੀ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਵੱਖ-ਵੱਖ ਥਾਵਾਂ 'ਤੇ ਸ਼ਰਾਬ ਦੀਆਂ ਦੁਕਾਨਾਂ ਸਣੇ ਕਈ ਹੋਰ ਦੁਕਾਨਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਉਸੇ ਤਰ੍ਹਾਂ ਪ੍ਰਸ਼ਾਸਨ ਨਵੀਂ ਰਣਨਿਤੀ ਬਣਾ ਮੰਦਰਾਂ ਦੇ ਕਪਾਟ ਵੀ ਖੋਲ੍ਹੇ।