ਚੰਡੀਗੜ: ਪੰਜਾਬ ਯੋਜਨਾਬੰਦੀ ਵਿਭਾਗ ਵੱਲੋਂ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਦੇ ਸਸਟੇਨਏਬਲ ਡਿਵੈੱਲਪਮੈਂਟ ਗੋਲਜ਼ ਕੋਆਰਡੀਨੇਸ਼ਨ ਸੈਂਟਰ (ਐਸ.ਡੀ.ਜੀ.ਸੀ.ਸੀ.) ਦੇ ਸਹਿਯੋਗ ਨਾਲ ਪੰਜ ਸ਼੍ਰੇਣੀਆਂ ਵਿੱਚ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਵਾਰਡ ਆਰਥਿਕ ਸਥਿਰਤਾ, ਸਮਾਜਿਕ ਉੱਨਤੀ ਅਤੇ ਭਲਾਈ, ਵਾਤਾਵਰਨ ਸਥਿਰਤਾ, ‘ਸਾਰਿਆਂ ਨੂੰ ਨਾਲ ਲੈ ਕੇ ਚੱਲਣ’ ਦੀ ਭਾਵਨਾ ਤੋਂ ਇਲਾਵਾ ਏਕੀਕਰਣ, ਆਪਸੀ ਮਿਲਾਪ, ਸਾਂਝੇ ਕਾਰਜ ਅਤੇ ਸੰਪੂਰਨ ਹੱਲ ਦੀ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਜਾਣਗੇ। ਇਨਾਂ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ 25 ਸਤੰਬਰ, 2020 ਨੂੰ ਟਿਕਾਊ ਵਿਕਾਸ ਟੀਚੇ (ਐਸ.ਡੀ.ਜੀ.) ਦਿਵਸ ਮੌਕੇ ਕੀਤਾ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਐਵਾਰਡਾਂ ਲਈ ਸੂਬੇ ਦੇ ਆਮ ਲੋਕਾਂ, ਯੂਨੀਵਰਸਿਟੀਆਂ, ਸਨਅਤਾਂ ਅਤੇ ਸਾਰੇ ਵਿਭਾਗਾਂ ਤੋਂ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ।
ਬੁਲਾਰੇ ਨੇ ਦੱਸਿਆ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਪੂਰੇ ਵਿਸ਼ਵ ਨੂੰ ਨਵੀਆਂ ਚੁਣੌਤੀਆਂ ਮੁਤਾਬਕ ਆਪਣੇ ਆਪ ਢਾਲਣ ਦੀ ਲੋੜ ਹੈ ਅਤੇ ਐਸਡੀਜੀ ਨੇ ਇੱਕ ਟਿਕਾਊ ਸੰਸਾਰ ਦੀ ਸਿਰਜਣਾ ਲਈ ਇੱਕ ਵਧੀਆ ਢਾਂਚਾ ਪ੍ਰਦਾਨ ਕੀਤਾ ਹੈ।
ਉਨਾਂ ਕਿਹਾ ਕਿ ਐਸ.ਡੀ.ਜੀ 25 ਸਤੰਬਰ ਨੂੰ ਸਹੀਬੱਧ ਹੋਇਆ ਸੀ ਅਤੇ ਇਹ ਸੰਯੁਕਤ ਰਾਸ਼ਟਰ ਐਸ.ਡੀ.ਜੀ. ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਲਈ ਇਨ੍ਹਾਂ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਵੀ ਇਸੇ ਦਿਨ ਇੱਕ ਵਰਚੂਅਲ ਐਵਾਰਡ ਸਮਾਰੋਹ ਰਾਹੀਂ ਕੀਤਾ ਜਾਵੇਗਾ। ਐੱਸ.ਡੀ.ਜੀ. ਐਕਸ਼ਨ ਐਵਾਰਡ ਇਕ ਨਿਵੇਕਲੀ ਪਹਿਲ ਹੈ, ਜੋ ਵਿਸ਼ਵ ਨੂੰ ਹੋਰ ਬਿਹਤਰ ਬਣਾਉਣ ਲਈ ਯਤਨਸ਼ੀਲ ਵਿਅਕਤੀਆਂ ਦੇ ਯਤਨਾਂ ਨੂੰ ਹੋਰ ਉਤਸ਼ਾਹਿਤ ਕਰੇਗਾ ।