ਚੰਡੀਗੜ੍ਹ: ਲੁਧਿਆਣਾ ਦੇ ਸੰਸਦ ਰਵਨੀਤ ਬਿੱਟੂ ਨੇ ਬਠਿੰਡੇ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਕਿ ਪੈਸਿਆਂ ਦਾ ਪ੍ਰਬੰਧ ਕਰਨਾ ਵਿੱਤ ਮੰਤਰੀ ਦਾ ਫ਼ਰਜ਼ ਹੈ ਜੋ ਮਨਪ੍ਰੀਤ ਬਾਦਲ ਤਿੰਨ ਸਾਲਾਂ 'ਚ ਨਹੀਂ ਕਰ ਪਾਏ। ਰਵਨੀਤ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਟਿੱਪਣੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਸਾਡੇ ਤੀਜੀ ਵਾਰ ਐਮਪੀ ਬਣੇ ਹਨ। ਉਨ੍ਹਾਂ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਣੀ ਹੈ। ਸਾਡੀ ਸਾਰੀ ਟੀਮ ਦਾ ਫ਼ਰਜ ਹੈ ਕਿ ਜੋ ਵੀ ਵਿਕਾਸ ਕਾਰਜ ਰਹਿ ਗਏ ਹਨ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ। ਜੇਲ ਮੰਤਰੀ ਸੁਖਜਿੰਦਰ ਰੰਧਾਵਾ ਤੋਂ ਜਦੋਂ ਇਹ ਸਵਾਲ ਕੀਤਾ ਗਿਆ ਕਿ ਰਵਨੀਤ ਬਿੱਟੂ ਦੇ ਇਸ ਜਵਾਬ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਪਾਰਟੀ ਵਿੱਚ ਬਗਾਵਤ ਚੱਲ ਰਹੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਪਾਰਟੀ ਲੋਕਤੰਤਰ ਦਾ ਹਿੱਸਾ ਹੈ ਪ੍ਰੈਸ ਕਰਕੇ ਲੋਕਤੰਤਰ ਦੀ ਆਜ਼ਾਦੀ ਨੂੰ ਧਿਆਨ 'ਚ ਰੱਖਦੇ ਹੋਏ ਸਾਰਿਆਂ ਨੂੰ ਆਪਣੀ ਗੱਲ ਰੱਖਣ ਦੀ ਅਜ਼ਾਦੀ ਹੈ।
ਉਨ੍ਹਾਂ ਨੇ ਕਿਹਾ ਇਹ ਪਾਰਟੀ ਕਾਂਗਰਸ ਹੈ ਭਾਜਪਾ ਨਹੀਂ ਜੋ ਹਰ ਇੱਕ ਦਾ ਮੂੰਹ ਬੰਦ ਕਰਵਾਏ। ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੋ-ਜੋ ਵਾਅਦੇ ਉਨ੍ਹਾਂ ਨੇ ਹਾਈ ਕਮਾਨ ਨਾਲ ਕੀਤੇ ਸਨ ਉਹ ਉਨ੍ਹਾਂ ਨੇ ਪੂਰੇ ਕੀਤੇ ਹਨ।