ਚੰਡੀਗੜ੍ਹ: ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਟਰਾਇਲ 3 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ ਜੋ ਕਿ 25 ਅਪ੍ਰੈਲ ਤੱਕ ਚੱਲਣਗੇ। ਇਸ ਵਾਰ ਟਰਾਇਲਾਂ ਦਾ ਦਾਇਰਾ ਵਧਾਉਂਦਿਆਂ ਵੱਖ-ਵੱਖ ਖੇਡਾਂ ਦੇ ਟਰਾਇਲ 11 ਸਥਾਨਾਂ ਉੱਤੇ ਲਏ ਜਾਣਗੇ। ਜਿਸ ਤੋਂ ਬਾਅਦ ਇਨ੍ਹਾਂ ਟਰਾਇਲਾਂ ਵਿੱਚੋਂ ਚੁਣੇ ਗਏ ਖਿਡਾਰੀਆਂ ਦੇ ਫਾਈਨਲ ਟਰਾਇਲ 24 ਅਪ੍ਰੈਲ ਤੋਂ ਸ਼ੁਰੂ ਹੋਣਗੇ ਜੋ ਕਿ 26 ਅਪ੍ਰੈਲ ਤੱਕ ਚੱਲਣਗੇ।
ਟਰਾਇਲਾਂ ਦਾ ਦਾਇਰਾ ਵਧਾਇਆ: ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਬਣਾਉਣ ਲਈ ਪਿਛਲੇ ਸਾਲ ਪਹਿਲੀ ਵਾਰ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਨੂੰ ਵੱਡਾ ਹੁਲਾਰਾ ਮਿਲਿਆ। 3 ਲੱਖ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਨਵੇ ਸੈਸ਼ਨ ਲਈ ਖੇਡ ਵਿੰਗਾਂ ਦੇ ਟਰਾਇਲਾਂ ਦਾ ਦਾਇਰਾ ਵਧਾਇਆ ਜਾਵੇ। ਵੱਖ-ਵੱਖ ਖੇਡਾਂ ਵਿੱਚ ਛੇ ਉਮਰ ਗਰੁੱਪਾਂ ਅੰਡਰ 10, ਅੰਡਰ 12, ਅੰਡਰ 14, ਅੰਡਰ 17, ਅੰਡਰ 19 ਤੇ ਅੰਡਰ 21 ਦੇ ਟਰਾਇਲ ਪਹਿਲਾਂ ਜ਼ਿਲ੍ਹਾ ਵਾਰ ਬਣਾਏ ਜ਼ੋਨਾਂ ਵਿੱਚ ਹੋਣਗੇ ਅਤੇ ਇਸ ਤੋਂ ਬਾਅਦ ਜ਼ਿਲ੍ਹਿਆਂ ਵਿੱਚੋਂ ਚੁਣੇ ਖਿਡਾਰੀਆਂ ਦੇ ਫਾਈਨਲ ਟਰਾਇਲ ਇੱਕ ਸਥਾਨ ਉੱਤੇ ਹੋਣਗੇ। ਇਸ ਨਾਲ ਬਿਹਤਰੀਨ ਖਿਡਾਰੀ ਸਾਹਮਣੇ ਆਉਣਗੇ। ਟਰਾਇਲਾਂ ਵਾਲੇ ਸਥਾਨ ਵਾਲੇ ਜ਼ਿਲ੍ਹੇ ਵਿੱਚ ਸਬੰਧਿਤ ਜ਼ਿਲ੍ਹਾ ਖੇਡ ਅਫਸਰ ਨੂੰ ਇੰਚਾਰਜ ਲਗਾਇਆ ਗਿਆ ਹੈ। 18 ਖੇਡਾਂ ਦੀਆਂ 1700 ਦੇ ਕਰੀਬ ਸੀਟਾਂ ਲਈ ਟਰਾਇਲ ਹੋਣਗੇ। ਇਸ ਵਾਰ 450 ਸੀਟਾਂ ਵਧਾਈਆਂ ਗਈਆਂ ਹਨ। ਇਹ ਖੇਡਾਂ ਅਥਲੈਟਿਕਸ, ਬਾਸਕਟਬਾਲ, ਮੁੱਕੇਬਾਜ਼ੀ, ਫੁਟਬਾਲ, ਹਾਕੀ, ਜਿਮਨਾਸਟਿਕ, ਜੂਡੋ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ, ਹੈਂਡਬਾਲ, ਤੀਰਅੰਦਾਜ਼ੀ, ਸਾਈਕਲਿੰਗ, ਤੈਰਾਕੀ, ਟੇਬਲ ਟੈਨਿਸ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਅਤੇ ਰੋਇੰਗ ਹਨ। ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਕੋਚਿੰਗ, ਰਿਹਾਇਸ਼, ਡਾਇਟ, ਮੈਡੀਕਲ ਅਤੇ ਬੀਮਾ ਦੀਆਂ ਮੁਫ਼ਤ ਸਹੂਲਤਾਂ ਮਿਲਣਗੀਆਂ
ਵੱਖ-ਵੱਖ ਖੇਡਾਂ ਦੇ ਟਰਾਇਲ: ਜ਼ਿਲ੍ਹਾ ਵਾਰ ਹੋਣ ਵਾਲੇ ਟਰਾਇਲਾਂ ਦੇ ਵੇਰਵਿਆਂ ਮੁਤਾਬਿਕ ਅੰਮ੍ਰਿਤਸਰ ਜ਼ਿਲ੍ਹੇ ਵਿੱਚ 3 ਅਤੇ 4 ਅਪ੍ਰੈਲ ਨੂੰ ਵੱਖ-ਵੱਖ ਖੇਡਾਂ ਦੇ ਟਰਾਇਲ ਲਏ ਜਾਣਗੇ ਜਿਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਦੇ ਖਿਡਾਰੀ ਹਿੱਸਾ ਲੈ ਸਕਣਗੇ। ਇਸੇ ਤਰ੍ਹਾਂ ਜਲੰਧਰ ਵਿਖੇ 6 ਤੇ 7 ਅਪਰੈਲ ਨੂੰ ਵੱਖ-ਵੱਖ ਖੇਡਾਂ ਦੇ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ। ਲੁਧਿਆਣਾ ਵਿਖੇ 9 ਤੇ 10 ਅਪ੍ਰੈਲ ਨੂੰ ਲੁਧਿਆਣਾ, ਮੋਗਾ, ਮਲੇਰਕੋਟਲਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਦੇ ਵੱਖ-ਵੱਖ ਖੇਡਾਂ ਲਈ ਟਰਾਇਲ ਹੋਣਗੇ। ਪਟਿਆਲਾ ਵਿਖੇ 12 ਤੇ 13 ਅਪ੍ਰੈਲ ਨੂੰ ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਸੰਗਰੂਰ ਜ਼ਿਲ੍ਹਿਆਂ, ਬਠਿੰਡਾ ਵਿਖੇ 15 ਤੇ 16 ਅਪਰੈਲ ਨੂੰ ਬਠਿੰਡਾ, ਬਰਨਾਲਾ ਤੇ ਮਾਨਸਾ ਜ਼ਿਲ੍ਹਿਆਂ, ਫਰੀਦਕੋਟ ਵਿਖੇ 18 ਤੇ 19 ਅਪਰੈਲ ਨੂੰ ਫਰੀਦਕੋਟ, ਮੁਕਤਸਰ ਸਾਹਿਬ, ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ, ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ ਤੇ ਫਰੀਦਕੋਟ ਜ਼ਿਲ੍ਹਿਆਂ, ਐਸ.ਏ.ਐਸ. ਨਗਰ ਵਿਖੇ 21 ਤੇ 22 ਅਪਰੈਲ ਨੂੰ ਐਸ.ਏ.ਐਸ. ਨਗਰ ਤੇ ਰੂਪਨਗਰ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ। ਇਸ ਤੋਂ ਇਲਾਵਾ ਰੂਪਨਗਰ ਵਿੱਚ 3 ਤੇ 4 ਅਪਰੈਲ ਨੂੰ ਰੋਇੰਗ ਖੇਡ ਲਈ ਸਾਰੇ ਜ਼ਿਲ੍ਹਿਆਂ, ਬਰਨਾਲਾ ਵਿਖੇ 24 ਤੇ 25 ਅਪ੍ਰੈਲ ਨੂੰ ਟੇਬਲ ਟੈਨਿਸ ਖੇਡ ਲਈ ਸਾਰੇ ਜ਼ਿਲ੍ਹਿਆਂ ਅਤੇ ਮਾਹਿਲਪੁਰ ਵਿਖੇ 24 ਤੇ 25 ਅਪ੍ਰੈਲ ਨੂੰ ਫੁੱਟਬਾਲ ਲਈ ਸਾਰੇ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ।
ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਟਰਾਇਲ ਵਾਲੇ ਦਿਨ ਸਵੇਰੇ 8:30 ਵਜੇ ਰਿਪੋਰਟ ਕਰਨਗੇ। ਖਿਡਾਰੀ ਪੰਜਾਬ ਸੂਬੇ ਦਾ ਵਸਨੀਕ ਹੋਵੇ ਅਤੇ ਉਸ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਜਿਲ੍ਹਾ/ਸਟੇਟ/ਨੈਸ਼ਨਲ ਪੱਧਰ ਦੇ ਟੂਰਨਾਮੈਂਟਾਂ ਵਿੱਚ ਤਮਗ਼ਾ ਪ੍ਰਾਪਤ ਕੀਤਾ ਹੋਵੇ, ਜਿਨ੍ਹਾਂ ਖਿਡਾਰੀਆਂ ਦੇ ਮਾਤਾ/ਪਿਤਾ ਯੂ.ਟੀ. (ਚੰਡੀਗੜ੍ਹ) ਵਿਚ ਸਥਿਤ ਪੰਜਾਬ ਰਾਜ ਦੇ ਸਰਕਾਰੀ ਅਦਾਰਿਆਂ ਵਿੱਚ ਤਾਇਨਾਤ ਹਨ, ਦੇ ਬੱਚੇ ਵੀ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ। ਭਾਗ ਲੈਣ ਵਾਲੇ ਖਿਡਾਰੀ ਆਪਣੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ 2 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਨਾਲ ਲੈ ਕੇ ਆਉਣ। ਟਰਾਇਲਾਂ ਦੌਰਾਨ ਖਿਡਾਰੀਆਂ ਦੀ ਗਿਣਤੀ ਵੱਧ ਜਾਣ ਉਪਰੰਤ ਸਬੰਧਤ ਸਥਾਨ ਉੱਤੇ ਟਰਾਇਲਾਂ ਦੀ ਮਿਤੀ ਇੱਕ ਦਿਨ ਲਈ ਹੋਰ ਵਧਾਈ ਜਾਵੇਗੀ। ਵਧੇਰੇ ਉੱਤੇ ਵਿਸਥਾਰਤ ਜਾਣਕਾਰੀ ਵਿਭਾਗ ਦੀ ਵੈਬਸਾਈਟ www.pispunjab.org ਉੱਤੇ ਉਪਲੱਬਧ ਹੈ।
ਫਾਈਨਲ ਟਰਾਇਲ: ਵੱਖ-ਵੱਖ ਜ਼ਿਲਿਆ ਵਿੱਚੋਂ ਚੁਣੇ ਗਏ ਹਾਕੀ ਖਿਡਾਰੀਆਂ (ਲੜਕੇ) ਦੇ ਫਾਈਨਲ ਟਰਾਇਲ ਜਲੰਧਰ ਵਿਖੇ 24 ਤੇ 25 ਅਪ੍ਰੈਲ ਨੂੰ ਹੋਣਗੇ। ਇਸੇ ਤਰ੍ਹਾਂ ਅਥਲੈਟਿਕਸ ਖਿਡਾਰੀਆਂ ਦੇ ਫਾਈਨਲ ਟਰਾਇਲ ਜਲੰਧਰ ਵਿੱਚ 24 ਤੇ 25 ਅਪਰੈਲ, ਬਾਸਕਟਬਾਲ ਖਿਡਾਰੀਆਂ ਦੇ ਫਾਈਨਲ ਟਰਾਇਲ ਲੁਧਿਆਣਾ ਵਿਖੇ 24 ਤੇ 25 ਅਪਰੈਲ, ਵਾਲੀਬਾਲ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪ੍ਰੈਲ ਤੈਰਾਕੀ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪਰੈਲ, ਹੈਂਡਬਾਲ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪ੍ਰੈਲ, ਵੇਟਲਿਫਟਿੰਗ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪ੍ਰੈਲ, ਕੁਸ਼ਤੀ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਅਪ੍ਰੈਲ, ਮੁੱਕੇਬਾਜ਼ੀ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਅਪ੍ਰੈਲ, ਜੂਡੋ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਅਪ੍ਰੈਲ, ਟੇਬਲ ਟੈਨਿਸ ਦੇ ਫਾਈਨਲ ਟਰਾਇਲ ਬਰਨਾਲਾ ਵਿਖੇ 26 ਅਪ੍ਰੈਲ ਅਤੇ ਫੁੱਟਬਾਲ ਖਿਡਾਰੀਆਂ ਦੇ ਫਾਈਨਲ ਟਰਾਇਲ ਮਾਹਿਲਪੁਰ ਫੁੱਟਬਾਲ ਅਕੈਡਮੀ (ਹੁਸ਼ਿਆਰਪੁਰ) ਵਿਖੇ 26 ਅਪ੍ਰੈਲ 2023 ਨੂੰ ਹੋਣਗੇ।
ਇਹ ਵੀ ਪੜ੍ਹੋ: CM Mann on Reading: ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ, ਕਿਹਾ- "ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ"