ਮੋਹਾਲੀ: ਮਿਸ਼ਨ ਫ਼ਤਿਹ ਦੀ ਅਸਲ ਫ਼ਤਿਹ ਕੋਵਿਡ -19 ਦਾ ਮੁਕਾਬਲਾ ਕਰਨ ਵਿੱਚ ਹੈ ਅਤੇ ਇਸ ਮਹਾਂਮਾਰੀ ਕਾਰਨ ਮੁਸ਼ਕਿਲਾਂ ਵਿੱਚ ਫਸੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਹੈ।
ਮਿਸ਼ਨ ਦੇ ਸੁਭਾਵਕ ਉਦੇਸ਼ ਦੇ ਅਨੁਸਾਰ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ, ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਦੇ ਸਾਰੇ ਉਪ-ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਫ਼ਸੇ ਪ੍ਰਵਾਸੀਆਂ ਲਈ ਵਿਸ਼ੇਸ਼ ਹੈਲਪ ਡੈਸਕ-ਕਮ ਰਜਿਸਟ੍ਰੇਸ਼ਨ ਕੈਂਪ ਸਥਾਪਤ ਕਰਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਆਪਣੇ ਜ਼ਿਲ੍ਹਿਆਂ ਵਿੱਚ ਵਾਪਸ ਜਾਣ ਦੇ ਚਾਹਵਾਨ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਮੁੜ ਵਸੇਬੇ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ।
ਇਹ ਕੈਂਪ ਬੁੱਧਵਾਰ 3 ਜੂਨ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰਾਧਸਵਾਮੀ ਬਿਆਸ ਸਤਿਸੰਗ ਭਵਨ ਨਾਲ ਲੱਗਦੇ ਡੀ-ਮਾਰਟ, ਜ਼ੀਰਕਪੁਰ, ਸਪੋਰਟਸ ਕੰਪਲੈਕਸ, ਸੈਕਟਰ 78, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਨੇੜੇ, ਸੋਹਾਣਾ ਅਤੇ ਰਾਧਸਵਾਮੀ ਸਤਸੰਗ ਬਿਆਸ, ਨਿਜਰ ਚੌਕ, ਖਰੜ ਵਿਖੇ ਲਗਾਏ ਜਾਣਗੇ। ਇੰਨ੍ਹਾਂ ਕੈਂਪਾਂ ਵਿਚ ਇੱਕ ਮੈਂਬਰ ਪ੍ਰਤੀ ਪਰਿਵਾਰ ਜਾਂ ਸਮੂਹ ਆ ਸਕਦੇ ਹਨ ਅਤੇ ਆਪਣੇ ਸਮੂਹ ਨੂੰ ਰਜਿਸਟਰ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਲਗਭਗ 27,000 ਮਜ਼ਦੂਰਾਂ ਨੂੰ ਪਹਿਲਾਂ ਹੀ 24 ਵਿਸ਼ੇਸ਼ ਸ਼੍ਰਮੀਕ ਰੇਲ ਗੱਡੀਆਂ ਦੁਆਰਾ ਉਨ੍ਹਾਂ ਦੇ ਰਾਜਾਂ ਲਈ ਭੇਜਿਆ ਗਿਆ ਹੈ। ਜਦਕਿ ਬਹੁਤ ਸਾਰੇ ਰਜਿਸਟਰਡ ਲੋਕਾਂ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਵਾਪਸ ਜਾ ਚੁੱਕੇ ਜ਼ਿਆਦਤਰ ਕਥਿਤ ਤੌਰ 'ਤੇ ਆਪਣੇ ਠੇਕੇਦਾਰਾਂ, ਮਾਲਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕੰਮ ‘ਤੇ ਵਾਪਸ ਆਉਣ ਦਾ ਪ੍ਰਬੰਧ ਕਰਨ ਲਈ ਕਹਿ ਰਹੇ ਹਨ।
ਗਿਰਿਸ਼ ਦਿਆਲਨ ਨੇ ਕਿਹਾ ਕਿ ਇਸ ਦੇ ਬਾਵਜੂਦ ਫੇਰ ਵੀ ਜੇ ਕੋਈ ਪ੍ਰਵਾਸੀ ਮਜ਼ਦੂਰ ਵਾਪਸ ਜਾਣ ਦੀ ਜ਼ਰੂਰਤ ਮਹਿਸੂਸ ਕਰਦਾ ਹੈ, ਤਾਂ ਜ਼ਿਲ੍ਹਾ ਪ੍ਰਸ਼ਾਸਨ ਉਸ ਨੂੰ ਯਾਤਰਾ ਦੀ ਸਹੂਲਤ ਦੇਵੇਗਾ। ਦਿਆਲਨ ਨੇ ਦੱਸਿਆ ਕਿ ਸੰਚਾਰ ਦੇ ਹਰ ਮਾਧਿਅਮ ਰਾਹੀਂ ਜਿਵੇਂ ਕਿ ਖ਼ਬਰਾਂ, ਮੋਬਾਈਲ ਸੰਦੇਸ਼, ਆਡੀਓ ਸੰਦੇਸ਼, ਧਾਰਮਿਕਾਂ ਸਥਾਨਾਂ ਉੱਤੇ ਅਨਾਉਂਸਮੈਂਟ ਆਦਿ ਰਾਹੀਂ ਪ੍ਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਸਮੂਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।