ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹਾਜ਼ਰ ਹੋ ਕੇ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਲਈ ਮੁਆਫ਼ੀ ਮੰਗੀ ਹੈ। ਇਸ ਬਾਰੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੁਆਲ ਉਠਾਉਂਦਿਆਂ ਕਿਹਾ ਹੈ ਕਿ ਇਹ ਦੇਖਣ ਦੀ ਬਹੁਤ ਲੋੜ ਹੈ ਕਿ ਇਸ ਮੁਆਫ਼ੀ ਪਿੱਛੇ ਸੁਖਬੀਰ ਬਾਦਲ ਦਾ ਮਕਸਦ ਕੀ ਹੈ?
ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਵਾਪਰੀਆਂ: ਸੰਧਵਾਂ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਸਾਲ 2015 ਵਿੱਚ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨੱਕ ਹੇਠਾਂ ਪਾਵਨ ਪਵਿੱਤਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਵਾਪਰੀਆਂ। ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਵਿੱਚ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਲਾਪਰਵਾਹੀ ਵਾਲਾ ਵਤੀਰਾ ਅਪਣਾਇਆ, ਜਿਸ ਕਾਰਨ ਇਨ੍ਹਾਂ ਸਮਾਜ ਦੋਖੀ ਦੁਸ਼ਟ ਤੱਤਾਂ ਦੇ ਹੌਂਸਲੇ ਵਧੇ।
ਹੰਕਾਰੇ ਹੋਏ ਰਵੱਈਏ ਕਾਰਨ ਲਗਾਤਾਰ ਬੇਅਦਬੀਆਂ: ਸਪੀਕਰ ਨੇ ਕਿਹਾ ਕਿ ਬਾਦਲ ਸਰਕਾਰ ਵਿੱਚ ਗ੍ਰਹਿ ਵਿਭਾਗ ਸੁਖਬੀਰ ਬਾਦਲ ਕੋਲ ਸੀ ਅਤੇ ਇਨ੍ਹਾਂ ਵੱਲੋਂ ਆਖਿਆ ਜਾਂਦਾ ਸੀ ਕਿ ਪੰਜਾਬ ਵਿੱਚ ਸਾਡੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ। ਇੰਨੇ ਹੰਕਾਰੇ ਹੋਏ ਰਵੱਈਏ ਦੇ ਚੱਲਦਿਆਂ ਲਗਾਤਾਰ ਬੇਅਦਬੀ ਦੀਆਂ ਵਾਰਦਾਤਾਂ ਹੋਈਆਂ ਅਤੇ ਕਿਸੇ ਥਾਂ ਵੀ ਦੁਸ਼ਟ ਦੋਸ਼ੀਆਂ ਨੂੰ ਬਾਦਲ ਸਰਕਾਰ ਫੜ ਨਾ ਸਕੀ।
ਸਿਆਸੀ ਮੁਫਾਦਾਂ ਖ਼ਾਤਰ ਮੁਆਫ਼ੀ ਮੰਗੀ: ਸੰਧਵਾਂ ਨੇ ਸਵਾਲ ਕੀਤਾ ਕਿ ਸੁਖਬੀਰ ਬਾਦਲ ਜੀ ਤੁਹਾਡੇ ਰਾਜ ਭਾਗ ਵੇਲੇ ਹੋਈਆਂ ਬੇਅਦਬੀਆਂ ਲਈ ਤਾਂ ਤੁਸੀਂ ਆਪਣੇ ਸਿਆਸੀ ਮੁਫਾਦਾਂ ਖ਼ਾਤਰ ਮੁਆਫ਼ੀ ਮੰਗ ਲਈ ਹੈ ਪਰ ਬੇਅਦਬੀ ਦਾ ਇਨਸਾਫ਼ ਲੈਣ ਲਈ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਵਿਖੇ ਇਕੱਤਰ ਹੋਈ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਦੇ ਸ਼ਾਂਤਮਈ ਇਕੱਠ ਉਪਰ ਅੰਮ੍ਰਿਤ ਵੇਲੇ ਗੋਲੀਆਂ ਵਰ੍ਹਾਉਣ ਅਤੇ ਦੋ ਗੁਰੂ ਪਿਆਰੇ ਸਿੰਘਾਂ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕੀਤੇ ਜਾਣ ਲਈ ਮੁਆਫ਼ੀ ਕੌਣ ਮੰਗੇਗਾ?
ਸਰਗਰਮ ਸਿਆਸਤ ਤੋਂ ਕਿਨਾਰਾ ਕਰਕੇ ਮੁਆਫ਼ੀ ਮੰਗਣ: ਸਪੀਕਰ ਸੰਧਵਾਂ ਨੇ ਇਹ ਵੀ ਕਿਹਾ ਕਿ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਧਾਵਾਨ ਸਿੱਖ ਵਜੋਂ ਮੇਰਾ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀ ਮੰਦਭਾਗੀ ਘਟਨਾ ਲਈ ਕੋਈ ਮੁਆਫ਼ੀ ਹੋ ਹੀ ਨਹੀਂ ਸਕਦੀ। ਜੇਕਰ ਸੁਖਬੀਰ ਬਾਦਲ ਬੇਅਦਬੀ ਦੇ ਗੁਨਾਹਾਂ ਲਈ ਸੱਚੇ ਦਿਲੋਂ ਪਸ਼ਚਾਤਾਪ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਸਰਗਰਮ ਸਿਆਸਤ ਤੋਂ ਕਿਨਾਰਾ ਕਰਕੇ ਗੁਰੂ ਦੇ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੂਹ ਸਿੱਖ ਸੰਗਤਾਂ ਅੱਗੇ ਨਤਮਤਸਕ ਹੋ ਕੇ ਜੋਦੜੀ ਬੇਨਤੀ ਕਰਨੀ ਚਾਹੀਦੀ ਹੈ। ਅਕਾਲੀ ਦਲ ਬਾਦਲ ਦੇ ਪ੍ਰਧਾਨ ਵਜੋਂ ਮੰਗੀ ਗਈ ਇਹ ਮੁਆਫ਼ੀ, ਜਿਸ ਤਹਿਤ ਮੁਆਫ਼ੀ ਦੇ ਨਾਲ ਹੀ ਆਪਣੀ ਸਿਆਸੀ ਅਧੋਗਤੀ ਦਾ ਰੋਣਾ ਰੋਂਦਿਆਂ ਪੰਜਾਬ ਦਾ ਰਾਜ ਭਾਗ ਦੁਬਾਰਾ ਲੋਟੂ ਬਾਦਲ ਪਰਿਵਾਰ ਹਵਾਲੇ ਕਰਨ ਦੇ ਵੀ ਤਰਲੇ ਲਏ ਗਏ ਹਨ, ਮਹਿਜ਼ ਇੱਕ ਸਿਆਸੀ ਤਿਕੜਮਬਾਜ਼ੀ ਤੋਂ ਵੱਧ ਕੁਝ ਨਹੀਂ ਹੈ।
ਮੁਆਫ਼ੀ ਬਹਾਨੇ ਸਿਆਸੀ ਦਾਅਪੇਚ : ਸੰਧਵਾਂ ਨੇ ਅੱਗੇ ਕਿਹਾ ਕਿ ਮੁਆਫ਼ੀ ਬਹਾਨੇ ਸਿਆਸੀ ਦਾਅਪੇਚ ਖੇਡ ਕੇ ਸੁਖਬੀਰ ਬਾਦਲ ਨੇ ਆਪਣੇ ਬੱਜਰ ਗੁਨਾਹਾਂ ਦੇ ਘੜੇ ਵਿੱਚ ਇੱਕ ਹੋਰ ਗੁਨਾਹ ਜੋੜ ਲਿਆ ਹੈ। ਇਤਿਹਾਸ ਦੀ ਸੇਧ ਵਿੱਚ ਇਹ ਗੱਲ ਸਵੈ ਸਿੱਧ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਵੱਲ ਕੈਰੀ ਅੱਖ ਨਾਲ ਦੇਖਣ ਵਾਲਿਆਂ ਦਾ ਨਾ ਪਹਿਲਾਂ ਕੱਖ ਰਿਹਾ ਹੈ ਅਤੇ ਨਾ ਹੀ ਰਹੇਗਾ।