ਚੰਡੀਗੜ੍ਹ: ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਵਿਖੇ ਕਰਵਾਏ ਗਏ ਸਮਾਗਮ ਵਿੱਚ ਲੋਕ ਨਿਰਮਾਣ (ਬਿਲਡਿੰਗ ਅਤੇ ਸੜਕਾਂ) ਵਿਭਾਗ ਵਿੱਚ ਨਵੇਂ ਭਰਤੀ ਹੋਏ ਉਮੀਦਵਾਰਾਂ ਦਾ ਸਵਾਗਤ ਕਰਦਿਆਂ ਪੀ.ਡਬਲਿਊ.ਡੀ. ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਲਗਭਗ 600 'ਚੋਂ 548 ਨਵੇਂ ਕਰਮਚਾਰੀਆਂ ਦੀ ਭਰਤੀ ਨਾਲ ਵਿਭਾਗ ਵਿੱਚ 90 ਫ਼ੀਸਦੀ ਕਲਰਕਾਂ ਦੀਆਂ ਪੋਸਟਾਂ ਭਰੀਆਂ ਜਾ ਚੁੱਕੀਆਂ ਹਨ।
ਸਿੰਗਲਾ ਨੇ ਦੱਸਿਆ ਕਿ ਜੂਨੀਅਰ ਇੰਜੀਨੀਅਰਾਂ ਅਤੇ ਹੋਰ ਕਾਡਰਾਂ ਦੀਆਂ ਅਸਾਮੀਆਂ ਭਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ।
ਮੰਤਰੀ ਨੇ ਨਵੇਂ ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਣੀ ਪਸੰਦ ਦਾ ਸਟੇਸ਼ਨ ਲੈਣ ਦੀ ਥਾਂ 'ਤੇ ਆਪਣੇ ਅਲਾਟ ਕੀਤੇ ਦਫ਼ਤਰਾਂ ਵਿੱਚ ਹੀ ਕੰਮ ਕਰਨ, ਕਿਉਂਕਿ ਹਰ ਸਟੇਸ਼ਨ ਦੀਆਂ ਆਪਣੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਹਨ ਜੋ ਇੱਕ ਵਿਅਕਤੀ ਨੂੰ ਸਿੱਖਣ, ਅੱਗੇ ਵੱਧਣ ਅਤੇ ਵਿਕਾਸ ਕਰਨ ਵਿੱਚ ਸਹਾਇਤਾ ਕਰਦੀਆਂ ਹਨ।
ਵਿਭਾਗ ਨੇ ਨਵੇਂ ਉਮੀਦਵਾਰਾਂ ਨੂੰ ਬੁਨਿਆਦੀ ਢਾਂਚੇ ਦੇ ਨਿਰਮਾਣ, ਰੱਖ ਰਖਾਵ ਤੇ ਸੂਬੇ ਦੇ ਸਮੂਹ ਵਿਭਾਗਾਂ ਨੂੰ ਆਰਕੀਟੈਕਚਰਲ ਕੰਸਲਟੈਂਸੀ ਸੇਵਾਵਾਂ ਆਦਿ ਵਿਭਾਗੀ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਨਵੇਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ।