ਹੈਦਰਾਬਾਦ ਡੈਸਕ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ 'ਚ ਨਜ਼ਰਬੰਦ ਕਰ ਲਿਆ ਗਿਆ, ਹਾਲਾਂਕਿ ਇਸ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੈ। ਦੱਸ ਦਈਏ ਕਿ ਗੋਲਡੀ ਬਰਾੜ ਦਾ ਅਸਲੀ ਨਾਮ ਸਤਿੰਦਰ ਸਿੰਘ ਹੈ, ਜੋ ਪੰਜਾਬ ਦੇ ਫ਼ਰੀਦਕੋਟ ਵਿੱਚ ਵੱਡਾ ਹੋਇਆ ਹੈ। ਪੰਜਾਬ ਵਿੱਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਕੈਨੇਡਾ ਭੱਜ ਗਿਆ ਸੀ।
ਇੰਝ ਸ਼ੁਰੂ ਹੋਇਆ ਅਪਰਾਧਾਂ ਦਾ ਸਫ਼ਰ: ਗੋਲਡੀ ਬਰਾੜ ਦਾ ਅਪਰਾਧਿਕ ਸਫ਼ਰ ਉਸ ਦੇ ਚਚੇਰੇ ਭਰਾ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਗੋਲਡੀ ਦਾ ਚਚੇਰਾ ਭਰਾ ਗੁਰਲਾਲ ਬਰਾੜ ਲਾਰੈਂਸ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਸੀ। ਪੰਜਾਬ ਯੂਨੀਵਰਸਿਟੀ ਵਿਚ ਪੜ੍ਹਦਿਆਂ ਉਸ ਨੇ ਲਾਰੈਂਸ ਦੀ ਅਗਵਾਈ ਵਿਚ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਆਰਗੇਨਾਈਜ਼ੇਸ਼ਨ ਨਾਂ ਦੀ ਜਥੇਬੰਦੀ ਬਣਾਈ, ਪਰ ਅਕਤੂਬਰ 2020 ਵਿੱਚ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ।
ਭਰਾ ਗੁਰਲਾਲ ਬਰਾੜ ਦੇ ਕਤਲ ਦਾ ਲਿਆ ਬਦਲਾ, ਫਿਰ ਭੱਜਿਆ ਕੈਨੇਡਾ: ਗੋਲਡੀ ਆਪਣੇ ਭਰਾ ਦੇ ਕਾਤਲ ਨੂੰ ਮਾਰਨਾ ਚਾਹੁੰਦਾ ਸੀ। ਉਸ ਸਮੇਂ ਵਿੱਚ ਹੀ, ਉਹ ਲਾਰੈਂਸ ਦੇ ਨੇੜੇ ਆਇਆ ਸੀ। ਗੁਰਲਾਲ ਦੇ ਕਤਲ ਵਿੱਚ ਯੂਥ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਦਾ ਨਾਂ ਸਾਹਮਣੇ ਆਇਆ ਸੀ ਜਿਸ ਦਾ ਕਤਲ ਗੋਲਡੀ ਬਰਾੜ ਨੇ ਕੀਤਾ ਸੀ। ਉਸ ਨੂੰ ਮਾਰਨ ਤੋਂ ਬਾਅਦ ਗੋਲਡੀ ਬਰਾੜ ਕੁਝ ਦਿਨਾਂ ਬਾਅਦ ਕੈਨੇਡਾ ਭੱਜ ਗਿਆ।
ਲਾਰੈਂਸ ਨਾਲ ਮਿਲ ਕੇ ਹੋਰ ਵਾਰਦਾਤਾਂ ਨੂੰ ਅੰਜਾਮ: ਕੈਨੇਡਾ ਵਿੱਚ ਬੈਠ ਕੇ ਗੋਲਡੀ ਨੇ ਜੇਲ੍ਹ ਵਿੱਚ ਬੰਦ ਲਾਰੈਂਸ ਗੈਂਗ ਨੂੰ ਚਲਾਉਣ ਲੱਗਾ। 25 ਫ਼ਰਵਰੀ 2022 ਨੂੰ ਗੁਰੂਗ੍ਰਾਮ ਵਿੱਚ ਸਾਬਕਾ ਕੌਂਸਲਰ ਪਰਮਜੀਤ ਠਾਕਰਾਨ ਅਤੇ ਉਸ ਦੇ ਭਰਾ ਸੁਰਜੀਤ ਦਾ ਕਤਲ ਕਰ ਦਿੱਤਾ ਗਿਆ ਸੀ। ਸ਼ਰਾਬ ਦੇ ਕਾਰੋਬਾਰ ਕਾਰਨ ਦੋਵਾਂ ਦੀ ਅਜੈ ਜ਼ੈਲਦਾਰ ਨਾਲ ਦੁਸ਼ਮਣੀ ਸੀ। ਪੁਲਿਸ ਨੂੰ ਮਿਲੇ ਇਨਪੁਟਸ ਅਨੁਸਾਰ ਅਜੇ ਜ਼ੈਲਦਾਰ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਮਿਲ ਕੇ ਇਨ੍ਹਾਂ ਕਤਲਾਂ ਨੂੰ ਅੰਜਾਮ ਦਿੱਤਾ ਸੀ।
ਕੈਨੇਡਾ ਵਿੱਚ ਬੈਠ ਕੇ ਗੋਲਡੀ ਪੰਜਾਬ, ਹਰਿਆਣਾ, ਹਿਮਾਚਲ, ਐਨਸੀਆਰ ਅਤੇ ਰਾਜਸਥਾਨ ਵਿੱਚ ਵੀ ਲਾਰੈਂਸ ਦਾ ਨੈੱਟਵਰਕ ਮਜ਼ਬੂਤ ਕਰਨ ਵਿੱਚ ਜੁਟ ਗਿਆ। ਗੋਲਡੀ ਦਾ ਨਾਮ ਜਬਰੀ ਵਸੂਲੀ, ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ਵਿੱਚ ਸਾਹਮਣੇ ਆਉਣ ਲੱਗਾ। ਇਸ ਦੇ ਨਾਲ ਹੀ ਗੋਲਡੀ ਨੇ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਚੇਨ ਬਣਾਉਣੀ ਸ਼ੁਰੂ ਕਰ ਦਿੱਤੀ। ਪਿਛਲੇ ਦਿਨਾਂ ਵਿਚ ਗੋਲਡੀ ਦੇ ਕਈ ਸਾਥੀ ਅੰਮ੍ਰਿਤਸਰ ਅਤੇ ਬਠਿੰਡਾ ਵਿਚ ਫੜੇ ਗਏ ਸਨ, ਜੋ ਹਥਿਆਰਾਂ ਦੀ ਤਸਕਰੀ ਵਿਚ ਸ਼ਾਮਲ ਸਨ।
ਮੂਸੇਵਾਲਾ ਦੇ ਕਤਲ ਤੋਂ ਬਾਅਤ ਸਤਾਉਣ ਲੱਗਾ ਡਰ, ਅਮਰੀਕਾ ਭੱਜਿਆ: ਗੋਲਡੀ ਬਰਾੜ ਮੂਸੇਵਾਲਾ ਦੇ ਕਤਲ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਸੀ। ਗਾਇਕ ਦੇ ਕਤਲ ਤੋਂ ਬਾਅਦ ਗੋਲਡੀ ਭਾਰਤੀ ਖੁਫੀਆ ਏਜੰਸੀਆਂ ਅਤੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਿਆ ਸੀ। ਉਸ ਨੂੰ ਡਰ ਸੀ ਕਿ ਕਿਤੇ ਕੋਈ ਉਸ ਦਾ ਠਿਕਾਣਾ ਨਾ ਦੱਸ ਦੇਵੇ। ਇਸ ਕਾਰਨ ਉਹ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਫਰਿਜ਼ਨੋ ਸ਼ਹਿਰ, ਕੈਲੀਫੋਰਨੀਆ, ਅਮਰੀਕਾ ਵਿੱਚ ਭੱਜ ਗਿਆ ਸੀ। ਉਥੇ ਜਾ ਕੇ ਉਸ ਨੇ ਦੋ ਵਕੀਲਾਂ ਦੀ ਮਦਦ ਨਾਲ ਸਿਆਸੀ ਸ਼ਰਨ ਲੈਣ ਦੀ ਕੋਸ਼ਿਸ਼ ਵੀ ਕੀਤੀ।
ਅਮਰੀਕਾ 'ਚ ਗੋਲਡੀ ਹਿਰਾਸਤ 'ਚ ਲਿਆ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ 'ਚ ਹਿਰਾਸਤ 'ਚ ਲੈ ਲਿਆ ਗਿਆ ਹੈ। ਸੂਤਰਾਂ ਮੁਤਾਬਕ ਗੋਲਡੀ ਨੂੰ 20 ਨਵੰਬਰ ਨੂੰ ਜਾਂ ਇਸ ਤੋਂ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ ਸੀ। ਹਾਲਾਂਕਿ, ਅਜੇ ਤੱਕ ਕੈਲੀਫੋਰਨੀਆ ਪੁਲਿਸ ਨੇ ਇਸ ਬਾਰੇ ਰਸਮੀ ਤੌਰ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਭਾਰਤੀ ਏਜੰਸੀਆਂ ਨਾਲ ਗੱਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲਡੀ ਨੂੰ ਭਾਰਤ ਭੇਜਿਆ ਜਾ ਸਕਦਾ ਹੈ।
ਹਾਲਾਂਕਿ ਇਸ ਦੀ ਜਾਣਕਾਰੀ ਭਾਰਤੀ ਖੁਫੀਆ ਏਜੰਸੀਆਂ ਤੱਕ ਪਹੁੰਚ ਗਈ ਹੈ ਜਿਸ ਤੋਂ ਬਾਅਦ ਉਹ ਅਮਰੀਕੀ ਏਜੰਸੀਆਂ ਨਾਲ ਸੰਪਰਕ ਕਰ ਰਹੀ ਹੈ। ਗੋਲਡੀ ਬਰਾੜ ਖਿਲਾਫ 2 ਪੁਰਾਣੇ ਮਾਮਲਿਆਂ 'ਚ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਉਹ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਸਿਆਸੀ ਸ਼ਰਨ ਲਈ ਕੈਲੀਫੋਰਨੀਆ ਭੱਜ ਗਿਆ ਸੀ।
ਮਾਨਸਾ ਵਿੱਚ ਮੂਸੇਵਾਲਾ ਦਾ ਕੀਤਾ ਸੀ ਕਤਲ: ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਮੂਸੇਵਾਲਾ ਆਪਣੀ ਥਾਰ ਜੀਪ ਵਿੱਚ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ। ਕੁੱਲ 6 ਸ਼ੂਟਰਾਂ ਨੇ ਮੂਸੇਵਾਲਾ ਨੂੰ ਗੋਲੀ ਮਾਰ ਦਿੱਤੀ। ਜਿਨ੍ਹਾਂ ਵਿੱਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਤੇ 2 ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਅਟਾਰੀ ਵਿਖੇ ਹੋਏ ਮੁਕਾਬਲੇ ਵਿੱਚ ਮਾਰੇ ਗਏ ਸਨ।
ਡੇਰਾ ਪ੍ਰੇਮੀ ਦੇ ਕਤਲ ਪਿੱਛੇ ਗੋਲਡੀ ਬਰਾੜ: ਕੁਝ ਦਿਨ ਪਹਿਲਾਂ ਪੰਜਾਬ ਦੇ ਫ਼ਰੀਦਕੋਟ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਪੁਲਿਸ ਸੁਰੱਖਿਆ ਵਿੱਚ ਮਾਰਿਆ ਗਿਆ ਸੀ। ਗੈਂਗਸਟਰ ਗੋਲਡੀ ਬਰਾੜ ਨੇ ਵੀ ਇਸ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਕੋਈ ਇਨਸਾਫ਼ ਨਹੀਂ ਮਿਲਿਆ, ਜਿਸ ਕਾਰਨ ਡੇਰਾ ਪ੍ਰੇਮੀ ਦਾ ਕਤਲ ਹੋਇਆ ਹੈ। ਡੇਰਾ ਸੱਚਾ ਸੌਦਾ ਦੇ ਇਸ ਸ਼ਰਧਾਲੂ ਦਾ ਨਾਂ ਬੇਅਦਬੀ ਮਾਮਲੇ 'ਚ ਆਇਆ ਸੀ।
ਇਹ ਵੀ ਪੜ੍ਹੋ: ਜਾਣੋ, ਗੈਂਗਸਟਰ ਗੋਲਡੀ ਬਰਾੜ ਨੇ ਕਿਸ ਤਰ੍ਹਾਂ ਕਰਵਾਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ, A TO Z ਪੂਰੀ ਕਹਾਣੀ