ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਰਹੀਆਂ ਹਨ। ਇਸੇ ਤਹਿਤ ਵੀਰਵਾਰ ਨੂੰ ਸ਼ਿਵਸੈਨਾ ਹਿੰਦੁਸਤਾਨ ਪਾਰਟੀ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਜਿਸ ਦੌਰਾਨ ਪਾਰਟੀ ਨੇ ਪੰਜਾਬ ਦੀਆਂ 13 ਸੀਟਾਂ ਵਿਚੋਂ 9 ਥਾਵਾਂ ਤੋਂ ਲੋਕ ਸਭਾ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ।
ਪਾਰਟੀ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਉਨ੍ਹਾਂ ਦੇ ਮੁੱਖ ਏਜੰਡੇ ਪੰਜਾਬ 'ਚ ਅੱਤਵਾਦੀਆਂ ਤੋਂ ਪੀੜਤ ਹਿੰਦੂਆਂ ਨੂੰ ਮੁਆਵਜ਼ਾ ਦਿਵਾਉਣਾ ਅਤੇ ਅਖਿਲ ਭਾਰਤੀ ਹਿੰਦੂ ਮੰਦਰ ਪ੍ਰਬੰਧਕ ਐਕਟ ਕਾਨੂੰਨ ਬਣਾਉਣਾ ਹੋਵੇਗਾ। ਇਸ ਤੋਂ ਇਲਾਵਾ ਰਾਮ ਮੰਦਰ ਬਣਵਾਉਣ ਲਈ ਸਰਕਾਰ 'ਤੇ ਦਬਾਅ ਪਾਇਆ ਜਾਵੇਗਾ। ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਬਜਾਏ ਕਿਸਾਨੀ 'ਚ ਉਨ੍ਹਾਂ ਲਈ ਲਾਭ ਦੇ ਮੌਕੇ ਲਿਆਂਦੇ ਜਾਣਗੇ।
ਜਿਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ 'ਚ ਚੰਡੀਗੜ੍ਹ ਤੋਂ ਜਗਦੀਸ਼ ਨਿਧਾਨ, ਪਟਿਆਲਾ ਤੋਂ ਸ਼ਮਕਾਂਤ ਪਾਂਡੇ, ਸੰਗਰੂਰ ਤੋਂ ਰਾਜਵੀਰ ਕੌਰ ਵਰਮਾ, ਲੁਧਿਆਣਾ ਤੋਂ ਦਵਿੰਦਰ ਭਗਰਿਆ, ਬਠਿੰਡਾ ਤੋਂ ਸੁਖਚੈਨ ਸਿੰਘ ਭਾਰਗਵ, ਫ਼ਰੀਦਕੋਟ ਤੋਂ ਸੁਖਦੇਵ ਸਿੰਘ ਭੱਟੀ, ਖਡੂਰ ਸਾਹਿਬ ਤੋਂ ਸੰਤੋਸ਼ ਸਿੰਘ ਸੁਖ, ਸ੍ਰੀ ਆਨੰਦਪੁਰ ਸਾਹਿਬ ਤੋਂ ਅਸ਼ਵਿਨ ਚੌਧਰੀ ਅਤੇ ਹਰਿਆਣਾ ਤੋਂ ਮੰਜੂ ਸ਼ਰਮਾ ਸ਼ਾਮਲ ਹਨ।