ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਪੰਜਾਬ ਵਿਚ ਸਿਆਸੀ ਹਨੇਰੀ ਝੁਲਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਰਾਜਾ ਵੜਿੰਗ ਵਲੋਂ ਦਿੱਤੇ ਬਿਆਨ 'ਤੇ ਸ਼੍ਰੋਮਣੀ ਅਕਾਲੀ ਦਲ ਤਲਖ਼ ਨਜ਼ਰ ਆਇਆ ਹੈ। ਇਸ ਨੂੰ ਲੈਕੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਰਾਜਾ ਵੜਿੰਗ ਨੂੰ ਕਈ ਨਸੀਹਤਾਂ ਦੇ ਕੇ ਸਿਆਸੀ ਬਾਣ ਕਰ ਦਿੱਤੇ। ਅਰਸ਼ਦੀਪ ਕਲੇਰ ਨੇ ਕਿਹਾ ਕਾਂਗਰਸ ਦਾ ਕੋਈ ਵੀ ਸੀਨੀਅਰ ਲੀਡਰ ਰਾਜਾ ਵੜਿੰਗ ਨੂੰ ਪ੍ਰਧਾਨ ਹੀ ਨਹੀਂ ਮੰਨਦਾ ਅਤੇ ਨਾ ਹੀ ਕੇਂਦਰੀ ਕਾਂਗਰਸ ਲੀਡਰਸ਼ਿਪ ਰਾਜਾ ਵੜਿੰਗ ਨੂੰ ਤਵੱਜੋਂ ਦਿੰਦੀ ਹੈ।
ਅਕਾਲੀ ਭਾਜਪਾ ਤੇ ਗੱਠਜੋੜ ਨੂੰ ਲੈ ਕੇ ਵੜਿੰਗ ਨੇ ਦਿੱਤਾ ਸੀ ਬਿਆਨ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਸੀ ਕਿ ਭਾਜਪਾ-ਅਕਾਲੀ ਦਲ ਦਾ ਗੱਠਜੋੜ ਲਗਭਗ ਤੈਅ ਹੈ ਪਰ ਮਾਮਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਹੁਦੇ ਤੋਂ ਹਟਾਉਣ 'ਤੇ ਹੀ ਲਟਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਲਈ ਅਕਾਲੀ ਦਲ ਅੱਗੇ ਸ਼ਰਤ ਰੱਖੀ ਹੈ। ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅੱਗ ਬਬੂਲਾ ਹੁੰਦੀ ਨਜ਼ਰ ਆਈ ਹੈ।
ਅਕਾਲੀ ਦਲ ਦੀ ਵੜਿੰਗ ਨੂੰ ਨਸੀਹਤ: ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਅਜਿਹੀ ਗੱਲ ਕਰਨ 'ਤੇ 2 ਮਿੰਟ ਦਾ ਮੌਨ ਬਣਦਾ ਹੈ। ਉਹਨਾਂ ਆਖਿਆ ਕਿ ਬੇਤੁਕੀਆਂ ਗੱਲਾਂ ਕਰਨਾ ਰਾਜਾ ਵੜਿੰਗ ਦੀ ਮਜ਼ਬੂਰੀ ਬਣ ਗਈ ਹੈ। ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਖ਼ਿਲ਼ਾਫ਼ ਰਾਜਾ ਵੜਿੰਗ ਬੋਲ ਨਹੀਂ ਸਕਦੇ ਜੇ ਹਿੰਮਤ ਕਰਕੇ ਡਰਾਮਾ ਕਰਨ ਲਈ ਬੋਲਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤਾਂ ਬੱਸਾਂ ਵਾਲੀ ਫਾਈਲ ਕੱਢ ਕੇ ਬਾਂਹ ਮਰੋੜ ਦਿੱਤੀ ਜਾਂਦੀ ਹੈ ਤਾਂ ਰਾਜਾ ਵੜਿੰਗ ਚੁੱਪ ਕਰਕੇ ਬੈਠ ਜਾਂਦੇ ਹਨ।
ਵੜਿੰਗ ਨੂੰ ਕੇਂਦਰੀ ਲੀਡਰਸ਼ਿਪ ਨਹੀਂ ਦਿੰਦੀ ਤਵੱਜੋਂ: ਅਕਾਲੀ ਆਗੂ ਨੇ ਕਿਹਾ ਕਿ ਖ਼ਬਰਾਂ 'ਚ ਬਣੇ ਰਹਿਣ ਲਈ ਰਾਜਾ ਵੜਿੰਗ ਵਲੋਂ ਅਜਿਹੇ ਬੇਤੁਕੇ ਬਿਆਨ ਦਿੱਤੇ ਜਾਂਦੇ ਹਨ। ਰਾਜਾ ਵੜਿੰਗ ਦੇ ਹਲਾਤ ਤਾਂ ਅਜਿਹੇ ਹਨ ਕਿ ਪੰਜਾਬ ਕਾਂਗਰਸ ਦਾ ਕੋਈ ਵੀ ਸੀਨੀਅਰ ਲੀਡਰ ਉਹਨਾਂ ਨੂੰ ਪ੍ਰਧਾਨ ਨਹੀਂ ਮੰਨਦਾ ਅਤੇ ਨਾ ਹੀ ਕੇਂਦਰੀ ਲੀਡਰਸ਼ਿਪ ਤਵੱਜੋਂ ਦਿੰਦੀ ਹੈ। ਅਰਸ਼ਦੀਪ ਕਲੇਰ ਨੇ ਕਿਹਾ ਕਿ ਕਾਂਗਰਸ ਨੇ ਅਰਵਿੰਦ ਕੇਜਰੀਵਾਲ ਨਾਲ ਅਲਾਇੰਸ ਕੀਤਾ ਪਰ ਰਾਜਾ ਵੜਿੰਗ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ।
ਦਿੱਲੀ ਤੋਂ ਆਈ ਚਿੱਠੀ ਨਾਲ ਤੁਹਾਡੇ ਪ੍ਰਧਾਨ ਲੱਗਦੇ: ਰਾਜਾ ਵੜਿੰਗ ਨੂੰ ਨਸੀਹਤ ਦਿੰਦਿਆਂ ਕਲੇਰ ਨੇ ਆਖਿਆ ਕਿ ਰਾਜਾ ਵੜਿੰਗ ਆਪਣਾ ਘਰ ਸਾਂਭ ਲੈਣ ਕਿਉਂਕਿ ਸੁਖਬੀਰ ਬਾਦਲ ਤਾਂ ਅਕਾਲੀ ਦਲ ਡੈਲੀਗਟੇਸ ਦੇ ਚੁਣੇ ਹੋਏ ਪ੍ਰਧਾਨ ਹਨ। ਜਦਕਿ ਕਾਂਗਰਸ 'ਚ ਪ੍ਰਧਾਨ ਦਿੱਲੀ ਤੋਂ ਆਈ ਚਿੱਠੀ ਨਾਲ ਲਗਾਇਆ ਜਾਂਦਾ ਹੈ ਅਤੇ ਲਾਂਭੇ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦਾ ਵਿਰੋਧ ਪੰਜਾਬ ਦੀ ਕਾਂਗਰਸ 'ਚ ਤੁਹਾਡੇ ਖਿਲਾਫ਼ ਵੱਧ ਰਿਹਾ ਹੈ ਤਾਂ ਤੁਹਾਡੀ ਚਿੱਠੀ ਵੀ ਜਲਦੀ ਹੀ ਆਉਣ ਵਾਲੀ ਹੈ, ਜਦੋਂ ਪ੍ਰਧਾਨਗੀ ਤੋਂ ਤੁਹਾਨੂੰ ਲਾਂਭੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਦੇ ਮੁੱਦਿਆਂ 'ਤੇ ਧਿਆਨ ਦਿਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਅਤੇ ਸਾਡੇ ਲਈ ਪੰਜਾਬ ਤੇ ਪੰਜਾਬੀਆਂ ਦੇ ਮੁੱਦੇ ਪਹਿਲਾਂ ਨੇ ਅਤੇ ਗੱਠਜੋੜ ਬਾਅਦ 'ਚ ਹੈ।