ਚੰਡੀਗੜ੍ਹ: ਪੰਜਾਬ ਪੁਲਿਸ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੀ ਹੈ। ਇਸ ਦੇ ਬਾਵਜੂਦ ਅੰਮ੍ਰਿਤਪਾਲ ਆਪਣੀਆਂ ਵੀਡੀਓਜ਼ ਜਾਰੀ ਕਰਕੇ ਪੰਜਾਬ ਪੁਲਸ ਨੂੰ ਖੁੱਲ੍ਹ ਕੇ ਚੁਣੌਤੀ ਦਿੰਦਾ ਨਜ਼ਰ ਆ ਰਿਹਾ ਹੈ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਪੰਜਾਬ ਦੇ ਕਿਸੇ ਧਾਰਮਿਕ ਸਥਾਨ 'ਤੇ ਲੁਕਿਆ ਹੋ ਸਕਦਾ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬਣੇ ਕੈਂਪਾਂ 'ਚ ਵੀ ਉਸ ਦੀ ਭਾਲ ਕਰ ਰਹੀ ਹੈ।
ਅੰਮ੍ਰਿਤਪਾਲ ਨਾਲ ਸਬੰਧਤ ਵਾਹਨ ਬਰਾਮਦ: ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹਰ ਉਸ ਥਾਂ 'ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ, ਜਿੱਥੇ ਉਸ ਦੇ ਲੁਕੇ ਹੋਣ ਦਾ ਸ਼ੱਕ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਖਾਸ ਤੌਰ 'ਤੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਬਠਿੰਡਾ 'ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿੱਥੇ ਵੀ ਅੰਮ੍ਰਿਤਪਾਲ ਨਾਲ ਸਬੰਧਤ ਵਾਹਨ ਬਰਾਮਦ ਹੋਏ ਹਨ, ਉੱਥੇ ਆਸਪਾਸ ਦੇ ਸਾਰੇ ਡੇਰਿਆਂ ਵਿੱਚ ਉਸ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੰਜਾਬ ਪੁਲਿਸ ਇਸ ਹਫ਼ਤੇ ਤਲਾਸ਼ੀ ਮੁਹਿੰਮ ਲਈ ਡਰੋਨ ਦੀ ਮਦਦ ਵੀ ਲੈ ਰਹੀ ਹੈ।ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਅੰਮ੍ਰਿਤਪਾਲ ਉੱਤਰਾਖੰਡ ਤੋਂ ਆਇਆ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਉਹ ਇਨ੍ਹਾਂ ਜ਼ਿਲ੍ਹਿਆਂ ਦੇ ਕਿਸੇ ਡੇਰੇ ਵਿੱਚ ਲੁਕਿਆ ਹੋਵੇ, ਜਿਸ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
ਵੀਡੀਓ ਵਿੱਚ ਅੰਮ੍ਰਿਤਪਾਲ ਦਾ ਖ਼ੁਲਾਸਾ: ਦੱਸ ਦਈਏ ਇਸ ਤੋਂ ਪਹਿਲਾਂ ਬੀਤੇ ਦਿਨ ਸਾਹਮਣੇ ਆਈ ਵੀਡੀਓ ਵਿੱਚ ਅੰਮ੍ਰਿਤਪਾਲ ਨੇ ਸਪੱਸ਼ਟ ਕੀਤਾ ਹੈ ਕਿ ਉਸ ਵੱਲੋਂ ਸੰਗਤ ਦੇ ਮੁਖਾਤਿਬ ਹੋਣ ਲਈ ਜੋ ਵੀਡੀਓ ਬਣਾਈ ਗਈ ਸੀ ਉਸ ਨੂੰ ਕੁੱਝ ਲੋਕ ਪੁਲਿਸ ਦੀ ਕਸਟਡੀ ਨਾਲ ਜੋੜ ਕੇ ਪੇਸ਼ ਕਰ ਰਹੇ ਨੇ ਅਤੇ ਸ਼ੰਕੇ ਪੈਦਾ ਕੀਤੇ ਜਾ ਰਹੇ ਨੇ। ਅੰਮ੍ਰਿਤਪਾਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਹ ਆਜ਼ਾਦ ਹੈ ਅਤੇ ਚੜ੍ਹਦੀਕਲਾ ਵਿੱਚ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਉਸ ਦੇ ਖ਼ਿਲਾਫ਼ ਇਹ ਵੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਕਿ ਗ੍ਰਿਫ਼ਤਾਰੀ ਲਈ ਉਸ ਨੇ ਸ਼ਰਤਾਂ ਰੱਖੀਆਂ ਨੇ ਅਤੇ ਉਹ ਪੁਲਿਸ ਦੀ ਕੁੱਟ ਤੋਂ ਡਰਦਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਉਹ ਨਾਂ ਮਰਨ ਤੋੇਂ ਡਰਦਾ ਹੈ ਅਤੇ ਨਾ ਹੀ ਪੁਲਿਸ ਦੇ ਤਸ਼ੱਦਦ ਤੋਂ । ਉਸ ਨੇ ਕਿਹਾ ਕਿ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਕੋਈ ਵੀ ਤਸ਼ੱਦਦ ਕਰੇ ਉਸ ਨੂੰ ਕੋਈ ਖੌਫ਼ ਨਹੀਂ ਹੈ। ਨਾਲ ਹੀ ਉਸ ਨੇ ਕਿਹਾ ਕਿ ਕੁੱਝ ਲੋਕਾਂ ਵੱਲੋਂ ਉਸ ਖ਼ਿਲਾਫ਼ ਗ੍ਰਿਫ਼ਤਾਰੀ ਦੀਆਂ ਸ਼ਰਤਾਂ ਸਬੰਧੀ ਝੂਠ ਪ੍ਰਚਾਰ ਕੀਤਾ ਜਾ ਰਿਹਾ ਜਿਸ ਤੋਂ ਸੰਗਤ ਨੂੰ ਪਰਹੇਜ਼ ਕਰਨ ਦੀ ਜ਼ਰੂਰਤ ਹੈ
ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੇ ਇੱਕ ਹੋਰ ਸਾਥੀ ਜੋਗਾ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ! ਅਹਿਮ ਖ਼ੁਲਾਸੇ ਹੋਣ ਦੀ ਉਮੀਦ