ਚੰਡੀਗੜ: ਡੇਰਾ ਸਿਰਸਾ ਮੁਖੀ ਵੱਲੋਂ ਗੁਰੂ ਸਾਹਿਬ ਦੇ ਸਵਾਂਗ ਰਚਣ ਦੇ ਮਾਮਲੇ ਨੂੰ ਲੈ ਕੇ ਰਾਜਨੀਤੀ ਭੱਖਦੀ ਹੀ ਜਾ ਰਹੀ ਹੈ। ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਡੇਰਾ ਸਮਰਥਕ ਵਿਰੁੱਧ ਅਕਾਲੀ ਦਲ ਮਾਮਲਾ ਦਰਜ ਕਰਵਾਏਗਾ। ਉਨ੍ਹਾਂ ਕਿਹਾ ਕਿ ਡੇਰਾ ਸਮਰਥਕ ਵੀਰਪਾਲ ਨੇ ਦੋਸ਼ੀ ਡੇਰਾ ਮੁਖੀ ਦੀ ਤੁਲਨਾ ਗੁਰੂ ਸਾਹਿਬਾਨਾਂ ਨਾਲ ਕਰ ਕੇ ਧ੍ਰੋਹ ਕਮਾਇਆ ਹੈ ਅਤੇ ਸਿੱਖ ਭਾਈਚਾਰੇ ਦਾ ਜ਼ਖ਼ਮਾਂ ਉੱਤੇ ਲੂਣ ਛਿੜਕਿਆ ਹੈ।
ਵੀਡੀਓ ਕਾਨਫਰੰਸ ਰਾਹੀਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਲਜੀਤ ਚੀਮਾ ਨੇ ਕਿਹਾ ਕਿ ਅਕਾਲੀ ਦਲ ਵੀਰਪਾਲ ਦੀਆਂ ਪਿਛਲੀਆਂ ਤਾਕਤਾਂ ਨੂੰ ਬੇਨਕਾਬ ਕਰੇਗਾ। ਉਨ੍ਹਾਂ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਖਿਆ ਕਿ ਉਨ੍ਹਾਂ ਨੇ ਵੀਰਪਾਲ ਕੌਰ ਦੀ ਹਮਾਇਤ ਕਿਉਂ ਕੀਤੀ ਤੇ ਕਿਸ ਮਕਸਦ ਵਾਸਤੇ ਕੀਤੀ, ਇਹ ਗੱਲ ਆਪ ਲੋਕਾਂ ਨੂੰ ਦੱਸਣ।
ਡੇਰਾ ਸਮਰਥਕ ਵੱਲੋਂ ਬਲਾਤਕਾਰ ਦੇ ਦੋਸ਼ੀ ਨੂੰ ਸੱਚਾ ਸੰਤ ਕਹੇ ਜਾਣ ਅਤੇ ਰੱਬ ਦਾ ਦਰਜਾ ਦਿੱਤੇ ਜਾਣ ਨੂੰ ਲੈ ਕੇ ਚੀਮਾ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਵੀਰਪਾਲ ਨੇ ਡੇਰਾ ਸਿਰਸਾ ਮੁਖੀ ਉੱਤੇ ਗੁਰੂ ਗੋਬਿੰਦ ਸਿੰਘ ਨੂੰ ਇੱਕ ਸਮਾਨ ਦੱਸਿਆ ਹੈ, ਜੋ ਕਿ ਕੁਫਰ ਤੋਲਣ ਸਮਾਨ ਹੈ।
ਚੀਮਾ ਨੇ ਕਿਹਾ ਕਿ ਵੀਰਪਾਲ ਵਿਰੁੱਧ ਅਕਾਲੀ ਦਲ ਧਾਰਾ 295-ਏ ਤਹਿਤ ਕੇਸ ਦਰਜ ਕੀਤੇ ਜਾਣ ਦੀ ਮੰਗ ਕਰੇਗਾ।