ਚੰਡੀਗੜ੍ਹ: ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜੰਗਲੀ ਜੀਵ ਜੰਤੂਆਂ ਤੇ ਪੰਛੀਆਂ ਦੀ ਸੰਭਾਲ ਲਈ ਉਸਾਰੂ ਕਦਮ ਚੁੱਕਣ ’ਤੇ ਜ਼ੋਰ ਦਿੱਤਾ ਹੈ, ਤਾਂ ਜੋ ਦੇਸ਼ ਵਿੱਚੋਂ ਜੀਵ ਜੰਤੂਆਂ ਅਤੇ ਪੰਛੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਨੂੰ ਆਲੋਪ ਹੋਣ ਤੋਂ ਬਚਾਇਆ ਜਾ ਸਕੇ।
ਧਰਮਸੋਤ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਾਂਧੀ ਨਗਰ ਗੁਜਰਾਤ ਵਿਖੇ 15-22 ਫ਼ਰਵਰੀ ਤੱਕ ਆਯੋਜਿਤ ਕੀਤੀ ਜਾ ਰਹੀ ‘13ਵੀਂ ਅੰਤਰ ਰਾਸ਼ਟਰੀ ਕਾਨਫਰੰਸ ਆਫ਼ ਪਾਰਟੀਜ਼’ (ਸੀ.ਐਮ.ਐਸ.-ਸੀ.ਓ.ਪੀ.-13) ਮੌਕੇ ਕੇਂਦਰੀ ਵਾਤਾਵਰਣ ਤੇ ਜੰਗਲਾਤ ਮੰਤਰੀ ਪ੍ਰਕਾਸ਼ ਜਾਵੇਡਕਰ ਨਾਲ ਕੀਤੀ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਜੰਗਲੀ ਜੀਵ ਜੰਤੂਆਂ ਅਤੇ ਪੰਛੀਆਂ ਦੇ ਰਹਿਣ ਸਥਾਨਾਂ ਦੀ ਸੰਭਾਲ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ।
ਧਰਮਸੋਤ ਨੇ ਕਿਹਾ ਕਿ ਜੰਗਲਾਤ ਵਿਭਾਗ, ਪੰਜਾਬ ਦੇ ਅਧਿਕਾਰੀਆਂ ਨੇ ਇਸ ਅੰਤਰ ਰਾਸ਼ਟਰੀ ਕਾਨਫਰੰਸ ’ਚ ਸ਼ਾਮਲ ਹੋ ਕੇ ਪੰਜਾਬ ’ਚ ਹਰ ਸਾਲ ਆਕਰਸ਼ਿਤ ਹੋ ਕੇ ਆਉਂਦੇ 2 ਲੱਖ ਪ੍ਰਵਾਸੀ ਪੰਛੀਆਂ ਦੇ ਆਵਾਸ, ਇਨ੍ਹਾਂ ਦੀ ਮਹੱਤਤਾ ਤੇ ਇਨ੍ਹਾਂ ਸਬੰਧੀ ਭਵਿੱਖ ’ਚ ਉਲੀਕੀਆਂ ਜਾਣ ਵਾਲੀਆਂ ਯੋਜਨਾਵਾਂ ਸਬੰਧੀ ਵਿਸਥਾਰ ’ਚ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਛੀਆਂ ਦੀ ਆਮਦ ’ਚ ਪੰਜਾਬ ਇੱਕ ਵਿਸ਼ੇਸ਼ ਖੇਤਰ ਹੈ, ਜਿੱਥੇ ਇਹ ਪੰਛੀ ਆ ਕੇ 2-3 ਮਹੀਨੇ ਗੁਜ਼ਾਰਦੇ ਹਨ।
ਧਰਮਸੋਤ ਨੇ ਅੱਗੇ ਕਿਹਾ ਕਿ ਇਸ ਅੰਤਰ ਰਾਸ਼ਟਰੀ ਕਾਨਫਰੰਸ ’ਚ ਪ੍ਰਵਾਸੀ ਪੰਛੀਆਂ ਸਬੰਧੀ ਬਣਾਈ ਗਈ ਸਾਂਝੀ ਨੀਤੀ ਅਨੁਸਾਰ ਪੰਜਾਬ ’ਚ ਆਉਣ ਵਾਲੇ ਲਗਭਗ 2 ਲੱਖ ਤੋਂ ਵੱਧ ਪ੍ਰਵਾਸੀ ਪੰਛੀਆਂ ਲਈ ਪੰਜਾਬ ਦੇ ਹਰੀਕੇ, ਰੋਪੜ, ਨੰਗਲ, ਬਿਆਸ, ਕਾਂਜਲੀ ਅਤੇ ਕੇਸ਼ੋਪੁਰ ਆਦਿ ਵੈੱਟਲੈਂਡਜ਼ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ 100 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੀਆਂ ਵੈੱਟਲੈਂਡਜ਼ ਅਤੇ ਰਾਮਸਰ ਸਾਈਟਾਂ ਦੇ ਵਿਕਾਸ ਲਈ ਬਣਾਈਆਂ ਯੋਜਨਾਵਾਂ ਲਈ ਨੂੰ ਮਨਜ਼ੂਰ ਕਰਕੇ ਫੰਡ ਛੇਤੀ ਜਾਰੀ ਕੀਤੇ ਜਾਣ।