ਚੰਡੀਗੜ੍ਹ: ਵਾਰਿਸ ਪੰਜਾਬ ਦੇ ਜਥੇਬੰਦੀ ਮੁਖੀ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਫ਼ਰਾਰ ਚੱਲ ਰਹੇ ਹਨ। ਹਾਲਾਂਕਿ, ਹੁਣ ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਸ 'ਤੇ ਦਬਾਅ ਬਣ ਰਿਹਾ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲਿਸ ਨੂੰ ਇਨਪੁਟ ਮਿਲੇ ਹਨ ਕਿ ਅੰਮ੍ਰਿਤਪਾਲ ਸਿੰਘ ਅਗਲੇ 48 ਘੰਟਿਆਂ ਵਿੱਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਮਦਮਾ ਸਾਹਿਬ ਜਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਤਮ ਸਮਰਪਣ ਕਰ ਸਕਦਾ ਹੈ। ਉਦੋਂ ਤੋਂ ਹੀ ਤਿੰਨਾਂ ਤਖ਼ਤਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਸ਼ਹਿਰਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਕਈ ਰੇਲਵੇ ਸਟੇਸ਼ਨ 'ਤੇ ਵੀ ਲੱਗੇ ਪੋਸਟਰ: ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੰਮ੍ਰਿਤਪਾਲ ਦੀ ਸੂਚਨਾ ਦੇਣ ਸਬੰਧੀ ਪੋਸਟਰ ਲਗਾਏ ਗਏ ਹਨ। ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਵੀ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਾ ਦਿੱਤੇ ਗਏ ਹਨ। ਇਸ ਵਿੱਚ ਲਿਖਿਆ ਹੈ ਕਿ ਅੰਮ੍ਰਿਤਪਾਲ ਸਿੰਘ ਵੱਖ-ਵੱਖ ਕੇਸਾਂ ਵਿੱਚ ਲੋੜੀਂਦਾ ਹੈ। ਜਿਸ ਕਿਸੇ ਨੂੰ ਵੀ ਇਸ ਬਾਰੇ ਪਤਾ ਲੱਗੇ ਉਹ ਇਨ੍ਹਾਂ ਦਿੱਤੇ ਨੰਬਰਾਂ 'ਤੇ ਸੂਚਿਤ ਕਰੇ। ਸੂਚਨਾ ਦੇਣ ਵਾਲੇ ਨੂੰ ਯੋਗ ਇਨਾਮ ਦਿੱਤਾ ਜਾਵੇਗਾ ਅਤੇ ਉਸ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪਹਿਲਾਂ ਹੀ ਹਿਊ ਐਂਡ ਕ੍ਰਾਇ ਨੋਟਿਸ ਜਾਰੀ ਕਰਕੇ ਲੋਕਾਂ ਤੋਂ ਮਦਦ ਮੰਗੀ ਹੈ। ਹੁਣ ਪਿਛਲੇ ਦਿਨੀਂ ਪੁਲਿਸ ਵੱਲੋਂ ਬਟਾਲਾ ਦੇ ਰੇਲਵੇ ਸਟੇਸ਼ਨਾਂ 'ਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਚਿਪਕਾਏ ਗਏ ਸਨ ਅਤੇ ਲੋਕਾਂ ਨੂੰ ਯੋਗ ਇਨਾਮ ਦੇਣ ਦੀ ਗੱਲ ਵੀ ਸਾਹਮਣੇ ਆਈ ਹੈ।
ਅੰਮ੍ਰਿਤਪਾਲ ਮਾਮਲੇ 'ਚ ਕਈਆਂ ਤੋਂ ਪੁੱਛਗਿੱਛ ਜਾਰੀ: ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਸ ਦੇ ਨਜ਼ਦੀਕੀਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਉਸ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਵਾਸੀ ਮੋਗਾ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਦੇ ਨਾਲ ਹੀ ਇੱਕ ਹੋਰ ਵਿਅਕਤੀ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। 28-29 ਮਾਰਚ ਨੂੰ ਹੁਸ਼ਿਆਰਪੁਰ 'ਚ ਅੰਮ੍ਰਿਤਪਾਲ ਸਿੰਘ ਨੇ ਜਿਸ ਘਰ 'ਚ ਪਨਾਹ ਲਈ ਸੀ, ਉਸ ਘਰ ਵੀ ਪੁਲਿਸ ਪਹੁੰਚ ਗਈ ਹੈ। ਅਜਿਹੇ ਇਨਪੁਟ ਹਨ ਕਿ ਅੰਮ੍ਰਿਤਪਾਲ ਸਿੰਘ ਅਜੇ ਵੀ ਪੰਜਾਬ ਵਿੱਚ ਲੁਕਿਆ ਹੋਇਆ ਹੈ ਅਤੇ ਹੁਣ ਉਹ ਆਪਣੀ ਸਾਖ ਬਚਾਉਣ ਲਈ 14 ਅਪ੍ਰੈਲ ਤੋਂ ਪਹਿਲਾਂ ਆਤਮ ਸਮਰਪਣ ਕਰ ਸਕਦਾ ਹੈ।
ਸਾਂਸਦ ਸਿਮਰਨਜੀਤ ਸਿੰਘ ਮਾਨ ਵੱਲੋਂ ਪੰਥਕ ਕਾਨਫਰੰਸ ਦਾ ਸੱਦਾ: ਅੰਮ੍ਰਿਤਪਾਲ ਸਿੰਘ ਵੱਲੋਂ 14 ਅਪ੍ਰੈਲ ਨੂੰ ਸਰਬੱਤ ਖਾਲਸਾ ਸੱਦਣ ਦੀ ਮੰਗ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪੰਥਕ ਕਾਨਫਰੰਸ ਦਾ ਸੱਦਾ ਦਿੱਤਾ ਹੈ। ਐਮਪੀ ਮਾਨ ਸ਼ੁਰੂ ਤੋਂ ਹੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਰਹੇ ਹਨ। 14 ਅਪ੍ਰੈਲ ਨੂੰ ਐਮਪੀ ਮਾਨ ਤਲਵੰਡੀ ਸਾਬੋ, ਸ੍ਰੀ ਦਮਦਮਾ ਸਾਹਿਬ ਵਿਖੇ ਆਪਣੀ ਸਟੇਜ ਸਜਾਉਣਗੇ। ਕਿਆਸ ਲਗਾਏ ਜਾ ਰਹੇ ਹਨ ਕਿ ਅੰਮ੍ਰਿਤਪਾਲ ਵੀ ਆਤਮ ਸਮਰਪਣ ਲਈ ਇਸ ਸਟੇਜ ਦੀ ਵਰਤੋਂ ਕਰ ਸਕਦਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਬਠਿੰਡਾ ਮਿਲਟਰੀ ਸਟੇਸ਼ਨ 'ਚ ਇੱਕ ਹੋਰ ਜਵਾਨ ਦੀ ਗੋਲੀ ਲੱਗਣ ਨਾਲ ਮੌਤ, ਭਾਰਤੀ ਫੌਜ ਨੇ ਜਤਾਇਆ ਖੁਦਕੁਸ਼ੀ ਦਾ ਖ਼ਦਸ਼ਾ