ਚੰਡੀਗੜ: ਜਲੰਧਰ ਦੇ ਪਾਦਰੀ ਦੇ ਗੁੰਮ ਹੋਏ ਪੈਸਿਆਂ ਦੇ ਮਾਮਲੇ ਵਿੱਚ ਅੱਗੇ ਹੋਰ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ 2,13,50,000 ਰੁਪਏ ਬਰਾਮਦ ਕੀਤੇ ਗਏ ਜਿਸ ਨਾਲ ਹੁਣ ਤੱਕ ਕੁੱਲ ਰਾਸ਼ੀ 4,51,50,000 ਰੁਪਏ ਜ਼ਬਤ ਕਰ ਲਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਉੱਕਤ ਰਾਸ਼ੀ ਵਿਸ਼ੇਸ਼ ਜਾਂਚ ਟੀਮ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਦੋ ਏਐਸਆਈਜ਼ ਦੀ ਪੁੱਛ-ਗਿੱਛ ਦੌਰਾਨ ਹੋਏ ਖੁਲਾਸਿਆਂ ਦੇ ਆਧਾਰ 'ਤੇ ਬਰਾਮਦ ਹੋਈ ਹੈ।
ਐਸਆਈਟੀ ਵਲੋਂ ਦੋਵੇਂ ਏਐਸਆਈ - ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦਾ ਕੋਚੀ ਤੱਕ ਪਿੱਛਾ ਕੀਤਾ ਗਿਆ। ਜਿਨਾਂ ਨੂੰ ਬੀਤੇ ਵੀਰਵਾਰ ਕੇਰਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਐੱਸਆਈਟੀ ਨੇ ਸਾਜਿਸ਼ ਦਾ ਚੰਗੀ ਤਰਾਂ ਪਤਾ ਲਗਾਉਣ ਲਈ ਟ੍ਰਾਂਜਿਟ ਰਿਮਾਂਡ ਹਾਸਲ ਕੀਤਾ।
ਅੱਜ ਪਟਿਆਲਾ ਪੁਲਿਸ ਵੱਲੋਂ ਕੀਤੀ ਬਰਾਮਦਗੀ ਵਿੱਚ, ਏ.ਐਸ.ਆਈ. ਜੋਗਿੰਦਰ ਸਿੰਘ ਦੀ ਜਾਣਕਾਰੀ ਦੇ ਆਧਾਰ 'ਤੇ ਪਟਿਆਲਾ ਤੋਂ 1.10 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ। ਜਦੋਂ ਕਿ ਏ.ਐੱਸ.ਆਈ. ਰਾਜਪ੍ਰੀਤ ਸਿੰਘ ਵਲੋਂ ਕੀਤੇ ਖੁਲਾਸਿਆਂ ਦੇ ਆਧਾਰ 'ਤੇ 1 ਕਰੋੜ ਰੁਪਏ ਜ਼ਬਤ ਕੀਤੇ ਗਏ। ਉਤਰਾਖੰਡ ਦੇ ਰੁਦਰਾਪੁਰ ਜ਼ਿਲ੍ਹੇ ਦੇ ਸਿਤਾਰਗੰਜ 'ਚੋਂ ਗੁਰਪ੍ਰੀਤ ਸਿੰਘ ਤੋਂ ਹੋਰ 1.5 ਲੱਖ ਰੁਪਏ ਬਰਾਮਦ ਕੀਤੇ ਗਏ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਟਿਆਲਾ ਦੇ ਸ਼ਾਦੀਪੁਰ ਪਿੰਡ ਦਾ ਗੁਰਜੰਟ ਸਿੰਘ ਉਰਫ ਜੰਟੀ ਪੁੱਤਰ ਸੁਖਪਾਲ ਸਿੰਘ ਅੱਜ ਪੁਲਿਸ ਲਾਈਨਜ਼, ਪਟਿਆਲਾ ਵਿੱਖੇ ਐੱਸਆਈਟੀ ਸਾਹਮਣੇ ਪੇਸ਼ ਹੋਇਆ।
ਇਮੀਗ੍ਰੇਸ਼ਨ ਫਰਮ ਨੂੰ ਚਲਾਉਣ ਵਾਲੇ ਗੁਰਜੰਟ ਸਿੰਘ ਨੇ ਐੱਸਆਈਟੀ ਨੂੰ ਦੱਸਿਆ ਕਿ ਦੋਸ਼ੀ ਏਐੱਸਆਈ ਰਾਜਪ੍ਰੀਤ ਸਿੰਘ 3 ਅਪ੍ਰੈਲ 2019 ਨੂੰ ਉਸ ਦੇ ਦਫ਼ਤਰ ਆਇਆ ਸੀ ਅਤੇ ਉਸ ਨੂੰ ਇਮੀਗ੍ਰੇਸ਼ਨ ਅਤੇ ਆਪਣੀ ਪਤਨੀ ਦੇ ਆਈਲੈਟਸ ਲਈ 2 ਲੱਖ ਰੁਪਏ ਦਿੱਤੇ ਸਨ। ਉਸਨੂੰ ਸ਼ੱਕ ਹੈ ਕਿ ਏਐੱਸਆਈ ਰਾਜਪ੍ਰੀਤ ਵੱਲੋਂ ਦਿੱਤੀ ਗਈ ਇਹ ਰਾਸ਼ੀ ਗਬਨ ਕੀਤੀ ਰਕਮ ਦਾ ਹਿੱਸਾ ਹੈ।
ਹਾਲਾਂਕਿ ਉਸਨੇ ਰਕਮ ਦਾ ਕੁਝ ਹਿੱਸਾ ਖ਼ਰਚ ਕਰ ਲਿਆ ਸੀ ਅਤੇ ਬਾਕੀ ਪੈਸੇ ਆਪਣੇ ਬੈਂਕ ਖ਼ਾਤੇ ਵਿੱਚ ਜਮਾਂ ਕਰਵਾਏ ਸਨ। ਪਰ ਉਸਨੇ ਉਹ ਰਕਮ ਐੱਸ ਆਈ ਟੀ ਨੂੰ ਸੌਂਪ ਦਿੱਤੀ। ਉਸ ਨੇ ਐੱਸਆਈਟੀ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਉਸ ਕੋਲ ਏਐੱਸਆਈ ਰਾਜਪ੍ਰੀਤ ਦੀ ਉਸ ਦੇ ਦਫ਼ਤਰ ਆਉਣ ਦੀ ਸੀਸੀਟੀਵੀ ਫੂਟੇਜ ਵੀ ਹੈ। ਜਿਸ ਨੂੰ ਉਹ ਸਬੂਤ ਦੇ ਤੌਰ ਤੇ ਸੌਂਪ ਪੇਸ਼ ਕਰੇਗਾ।
ਗੁਰਜੰਟ ਸਿੰਘ ਨੂੰ ਅਖ਼ਬਾਰਾਂ ਤੋਂ ਏਐੱਸਆਈ ਰਾਜਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਿਆ ਸੀ ਅਤੇ ਇਸੇ ਕਰਕੇ ਉਹ ਪਟਿਆਲਾ ਪੁਲਿਸ ਸਾਹਮਣੇ ਪੇਸ਼ ਹੋਇਆ। ਉਸ ਨੇ ਐੱਸ ਆਈ ਟੀ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਵਾਇਆ ਤੇ ਐੱਸ ਆਈ ਟੀ ਨੇ ਇਸ ਮਾਮਲੇ ਸੰਬੰਧੀ ਰਸ਼ਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਪੈਸੇ ਹਿਰਾਸਤ ਵਿੱਚ ਲੈ ਲਏ।
ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਟਵੀਟ ਕਰਕੇ ਇਸ ਮਾਮਲੇ ਸਬੰਧੀ ਅਜਿਹੀ ਕਿਸੇ ਵੀ ਜਾਣਕਾਰੀ ਬਾਰੇ ਪਤਾ ਹੋਣ 'ਤੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਜਿਸ ਨਾਲ ਕੇਸ ਨੂੰ ਸੁਲਝਾਉਣ ਵਿੱਚ ਪੁਲੀਸ ਦੀ ਹੋਰ ਸਹਾਇਤਾ ਹੋ ਸਕੇ। ਉਨਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਇਸ ਗਬਨ ਸਬੰਧੀ ਦੋਸ਼ੀਆਂ ਤੋਂ ਪੂਰੀ ਰਕਮ ਬਰਾਮਦ ਕੀਤੀ ਜਾਵੇਗੀ। ਉਨਾਂ ਅੱਗੇ ਕਿਹਾ ਕਿ ਪੂਰੀ ਸਾਜਿਸ਼ ਦਾ ਛੇਤੀ ਹੀ ਪਤਾ ਲੱਗ ਜਾਵੇਗਾ।
ਇਹ ਜਿਕਰਯੋਗ ਹੈ ਕਿ ਦੋ ਏ.ਐੱਸ.ਆਈ.ਭਗੌੜਿਆਂ ਦੀ ਹਿਰਾਸਤ ਤੋਂ ਤੁਰੰਤ ਬਾਅਦ ਐੱਸ.ਆਈ.ਟੀ. ਨੇ ਵੀਰਵਾਰ ਨੂੰ 2.38 ਕਰੋੜ ਰੁਪਏ ਬਰਾਮਦ ਕੀਤੇ ਸਨ।