ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਇਸ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ 'ਚ ਸਾਰੇ ਜ਼ਿਲ੍ਹਾ ਪ੍ਰਧਾਨਾ ਦੀ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿਚ ਚੋਣ ਰਣਨੀਤੀ ਉਲੀਕੀ ਗਈ ਅਤੇ ਚੋਣਾਂ ਸਬੰਧੀ ਪ੍ਰੋਗਰਾਮਾਂ 'ਤੇ ਚਰਚਾ ਕੀਤੀ ਗਈ। ਮੀਟਿੰਗ 'ਚ ਤੈਅ ਹੋਇਆ ਕਿ 3 ਮਹੀਨਿਆਂ ਵਿੱਚ ਬੂਥ ਲੇਵਲ ਤੱਕ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਸ ਦੌਰਾਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਸੂਬੇ ਵਿਚ ਕਾਂਗਰਸ ਇਕੱਲਿਆਂ ਚੋਣਾਂ ਲੜੇਗੀ ਕਿਸੇ ਨਾਲ ਵੀ ਸੀਟਾਂ ਦਾ ਕੋਈ ਸਮਝੌਤਾ ਨਹੀਂ ਹੋਇਆ।
'ਆਪ' ਨਾਲ ਮਿਲ ਕੇ ਕਾਂਗਰਸ ਕਿਵੇਂ ਚੱਲੇਗੀ ? : ਦਿੱਲੀ ਆਰਡੀਨੈਂਸ ਦੇ ਖ਼ਿਲਾਫ਼ ਕਾਂਗਰਸ ਵੱਲੋਂ 'ਆਪ' ਨੂੰ ਦਿੱਤੇ ਗਏ ਸਮਰਥਨ ਦੇ ਮਸਲੇ ਨੇ ਤੂਲ ਫੜੀ ਹੋਈ ਹੈ। ਸਿਆਸੀ ਗਲਿਆਰਿਆਂ ਵਿੱਚ ਇਹ ਵਿਰੋਧੀ ਇਸ ਮੁੱਦੇ ਨੂੰ ਖੂਬ ਚੁੱਕ ਰਹੇ ਹਨ। ਇਸ ਦਾ ਪਲਟਵਾਰ ਕਰਦਿਆਂ ਰਾਜਾ ਵੜਿੰਗ ਨੇ ਭਾਜਪਾ ਨੂੰ ਨਿਸ਼ਾਨੇ ਲਿਆ ਹੈ। ਉਨ੍ਹਾਂ ਆਖਿਆ ਹੈ ਕਿ ਸਾਰੀਆਂ ਪਾਰਟੀਆਂ ਨੇ ਇਕ ਜੁੱਟ ਹੋ ਕੇ ਇੰਡੀਆ (I.N.D.I.A) ਦਾ ਗਠਨ ਕੀਤਾ ਹੈ ਜਿਸ ਤੋਂ ਬਾਅਦ ਨਰਿੰਦਰ ਮੋਦੀ ਇੰਡੀਆ ਨੂੰ ਹੀ ਗਾਲ੍ਹਾਂ ਕੱਢਣ ਲੱਗ ਗਏ ਹਨ।
ਭਾਜਪਾ ਨੂੰ ਇੰਡੀਆ ਨਾ ਹਜ਼ਮ ਨਹੀਂ ਹੋ ਰਿਹਾ। ਪਹਿਲਾਂ ਵੀ ਕਈ ਵਾਰ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੀਆਂ ਪਾਰਟੀਆਂ ਮੋਦੀ ਖ਼ਿਲ਼ਾਫ਼ ਇਕੱਠੀਆਂ ਹੋਈਆਂ ਹਨ, ਜੇਕਰ ਇਸ ਵਾਰ ਭਾਜਪਾ ਦੀ ਸਰਕਾਰ ਮੁੜ ਆ ਗਈ ਤਾਂ ਦੇਸ਼ ਵਿਚੋਂ ਲੋਕਤੰਤਰ ਹੀ ਖ਼ਤਮ ਹੋ ਜਾਵੇਗਾ। ਭਾਰਤ ਵਿਚ ਵੀ ਰੂਸ ਅਤੇ ਚੀਨ ਵਾਂਗ ਤਾਨਾਸ਼ਾਹੀ ਰਾਜ ਸ਼ੁਰੂ ਹੋ ਜਾਵੇਗਾ। 'ਆਪ' ਨਾਲ ਸੀਟ ਸ਼ੇਅਰਿੰਗ ਨੂੰ ਲੈ ਕੇ ਕੋਈ ਵੀ ਸਮਝੌਤ ਨਹੀਂ ਹੋਇਆ ਅਜਿਹੀਆਂ ਚਰਚਾਵਾਂ ਫਜ਼ੂਲ ਹਨ। ਇਹ 26 ਪਾਰਟੀਆਂ ਦਾ ਅਲਾਇੰਸ ਹੈ ਇਕੱਲੀ ਆਪ ਦਾ ਨਹੀਂ।
ਇਕੱਲ਼ਿਆ ਚੋਣਾਂ ਲੜੀਆਂ ਜਾਣਗੀਆਂ : ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਕੇਂਦਰ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਹਨ, ਪਰ ਸੂਬਿਆਂ ਲਈ ਕੋਈ ਸਮਝੌਤਾ ਜਾਂ ਗੱਠਜੋੜ ਨਹੀਂ ਹੈ। ਕਾਂਗਰਸ ਸਾਰੇ ਸੂਬਿਆਂ ਵਿਚ ਇਕੱਲਿਆਂ ਹੀ ਚੋਣ ਲੜੇਗੀ, ਕੋਈ ਵੀ ਸੀਟਾਂ ਦਾ ਵਿਚਾਰ ਵਟਾਂਦਰਾ ਨਹੀਂ ਹੋ ਰਿਹਾ ਅਤੇ ਨਾ ਹੀ ਇਸ ਉੱਤੇ ਚਰਚਾ ਚੱਲ ਰਹੀ ਹੈ। ਭਾਜਪਾ ਆਪਣੇ ਬਾਰੇ ਸੋਚੇ ਜੋ ਪੁਰਾਣੀ ਕਾਂਗਰਸ ਨੂੰ ਸੰਭਾਲ ਕੇ ਬੈਠੀ ਹੈ ਭਾਜਪਾ ਆਗੂਆਂ ਵਿਚ ਸਾਰੇ ਪੁਰਾਣੇ ਕਾਂਗਰਸੀ ਹੀ ਨਜ਼ਰ ਆਉਂਦੇ ਹਨ। ਜਦਕਿ ਭਾਜਪਾ ਦਾ ਆਪਣਾ ਕੇਡਰ ਨਿਰਾਸ਼ ਬੈਠਾ ਹੈ ਜਿਨ੍ਹਾਂ ਨੇ ਪਾਰਟੀ ਲਈ ਮਿਹਨਤ ਕੀਤੀ। ਭਾਜਪਾ ਦੇ ਅੰਦਰੋਂ ਵਿਰੋਧ ਦੀਆਂ ਲਹਿਰਾਂ ਉੱਠ ਰਹੀਆਂ ਹਨ। ਦਲਿਤ ਭਾਈਚਾਰਾ ਵੀ ਭਾਜਪਾ ਦਾ ਵਿਰੋਧ ਕਰ ਰਿਹਾ ਹੈ।