ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿਚ ਬਜਟ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਆਪਣੇ ਸੰਬੋਧਾਨ ਦੌਰਾਨ ਵਿੱਤੀ ਵਰ੍ਹੇ 2023-24 ਦੌਰਾਨ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਦੱਸਿਆ। ਸਰਕਾਰ ਦੇ ਬਜਟ ਉਤੇ ਵਿਰੋਧੀ ਧਿਰਾਂ ਵੱਲੋਂ ਨਿਸ਼ਾਨੇ ਕੱਸੇ ਜਾ ਰਹੇ ਹਨ। ਇਸ ਦੌਰਾਨ ਭਾਜਪਾ, ਅਕਾਲੀ ਦਲ ਤੇ ਹੁਣ ਕਾਂਗਰਸ ਨੇ ਵੀ ਸਰਕਾਰ ਖ਼ਿਲਾਫ਼ ਬਿਆਨ ਜਾਰੀ ਕੀਤੇ ਹਨ।
ਬਜਟ ਵਿਚ ਸਰਕਾਰ ਨੇ ਲੋਕਾਂ ਨਾਲ ਕੀਤਾ ਧੋਖਾ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਵਿਧਾਨ ਸਭਾ ਵਿਚ ਪੇਸ਼ ਹੋਏ ਆਪ ਸਰਕਾਰ ਦੇ ਬਜਟ ਵਿਚ ਪੰਜਾਬ ਦੀਆਂ ਮਾਵਾਂ-ਭੈਣਾਂ ਨਾਲ ਧੋਖਾ ਹੋਇਆ ਹੈ। ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹ ਬਜਟ ਵਿੱਚ ਪੂਰਾ ਨਹੀਂ ਹੋਇਆ। 2 ਲੱਖ 81 ਹਜ਼ਾਰ ਕਾਂਗਰਸ ਨੇ ਪੰਜਾਬ 'ਤੇ ਕਰਜ਼ਾ ਛੱਡਿਆ ਸੀ। ਇੱਕ ਸਾਲ ਵਿੱਚ ਪੰਜਾਬ ਸਰਕਾਰ 31 ਹਜ਼ਾਰ ਕਰੋੜ ਦਾ ਕਰਜ਼ਾ ਲੈ ਚੁੱਕੀ ਹੈ, ਹੁਣ 35 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਜਾਵੇਗਾ। ਬਜਟ ਦੇ ਨਾਂ 'ਤੇ ਜਨਤਾ ਨਾਲ ਧੋਖਾ ਕੀਤਾ ਗਿਆ ਹੈ।
ਪੰਜਾਬ ਦੇ ਲੋਕਾਂ ਨੂੰ ਬਜਟ ਵਿੱਚ ਕੁਝ ਨਹੀਂ ਮਿਲਿਆ : ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਚੱਲ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਪੰਜਾਬ ਸਿਰ ਦੋ ਲੱਖ ਕਰੋੜ ਦਾ ਕਰਜ਼ਾ ਚੜ੍ਹ ਜਾਵੇਗਾ। ਔਰਤਾਂ ਨਾਲ ਧੋਖਾ ਹੋਇਆ ਹੈ, ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ ਗਿਆ। ਪੰਜਾਬ ਦੇ ਲੋਕਾਂ ਨੂੰ ਬਜਟ ਵਿੱਚ ਕੁਝ ਨਹੀਂ ਮਿਲਿਆ। ਸੂਬੇ ਵਿੱਚ ਕਾਨੂੰਨ ਵਿਵਸਥਾ ਨਹੀਂ ਹੈ, ਉਦਯੋਗ ਗੁਜਰਾਤ ਅਤੇ ਯੂਪੀ ਵੱਲ ਪਲਾਇਨ ਕਰ ਰਹੇ ਹਨ।
ਅਕਾਲੀ ਦਲ ਨੇ ਵੀ ਕੀਤੀ ਟਿੱਪਣੀ : ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਚੀਮਾ ਨੇ ਪੰਜਾਬ ਦੇ 2023-24 ਦੇ ਬਜਟ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਦਲਜੀਤ ਚੀਮਾ ਨੇ ਕਿਹਾ ਕਿ ਬਹੁਤ ਹੀ ਨਿਰਾਸ਼ਾਜਨਕ ਬਜਟ ਪੇਸ਼ ਕੀਤਾ ਗਿਆ ਹੈ। ਬਜਟ ਮਹਿਜ਼ ਇਕ ਖੇਡ ਹੈ। ਸਰਕਾਰ ਸਿਰ 3 ਲੱਖ 47,000 ਕਰੋੜ ਦਾ ਕਰਜ਼ਾ ਹੈ। ਪਿਛਲੇ ਸਾਲ ਤੋਂ ਇਸ ਸਾਲ ਦੇ ਦਰਮਿਆਨ ਕਰਜ਼ਾ 40 ਹਜ਼ਾਰ ਕਰੋੜ ਵਧ ਗਿਆ ਹੈ। ਵਿੱਤ ਮੰਤਰੀ ਵੱਲੋਂ ਵਿਭਾਗਾਂ ਨੂੰ ਲੈ ਕੇ ਵੱਖ-ਵੱਖ ਐਲਾਨ ਕੀਤੇ ਗਏ ਹਨ, ਪਰ ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਲਈ ਬਜਟ ਦੀ ਵਿਵਸਥਾ ਕਿਵੇਂ ਕੀਤੀ ਜਾਵੇਗੀ।