ਹੈਦਰਾਬਾਦ ਡੈਸਕ: ਬੀਤੇ ਦਿਨਾਂ ਅੰਦਰ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਕਰਤਾਰ ਕੋਰੀਡੋਰ ਵਿੱਚ ਪਾਣੀ ਆ ਗਿਆ ਸੀ ਜਿਸ ਕਾਰਨ ਕੁਝ ਦਿਨ ਲਈ ਯਾਤਰਾ ਰੋਕ ਦਿੱਤੀ ਗਈ ਸੀ। ਸੋਮਵਾਰ ਨੂੰ ਗੁਰਦਾਸਪੁਰ ਦੇ ਡੀਸੀ ਵਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਹੈ। ਯਾਤਰਾ ਸ਼ੁਰੂ ਹੋਣ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਇਕ ਵਾਰ ਫਿਰ ਸੰਗਤ ਦੇਖਣ ਨੂੰ ਮਿਲ ਰਹੀ ਹੈ।
ਪੰਜਾਬ ਦੇ 9 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ: ਮੌਸਮ ਵਿਭਾਗ ਵਲੋਂ ਸੂਬੇ ਦੇ 9 ਜ਼ਿਲ੍ਹਿਆਂ ਅੰਦਰ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ, ਪੰਜਾਬ ਵਿੱਚ ਅੱਜ ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨ ਤਾਰਨ, ਕਪੂਰਥਲਾ ਤੇ ਅੰਮ੍ਰਿਤਸਰ ਵਿੱਚ ਮੀਂਹ ਪੈਣ ਦੇ ਆਸਾਰ ਹਨ। ਕੁਝ ਇਲਾਕਿਆਂ ਵਿੱਚ ਤੜਕੇ ਮੀਂਹ ਪੈਣ ਵਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਰਕੇ ਭਾਖੜਾ ਡੈਮ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।
ਭਾਖੜਾ ਡੈਮ ਦੀ ਸਥਿਤੀ: ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1655.75 ਫੁੱਟ ਹੈ। ਇਹ ਪਿਛਲੇ ਦਿਨ ਨਾਲੋਂ 1.09 ਫੁੱਟ ਵੱਧ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 57549 ਕਿਊਸਿਕ ਦਰਜ ਕੀਤੀ ਗਈ ਹੈ ਜਦੋਂ ਕਿ ਭਾਖੜਾ ਡੈਮ ਵਿੱਚੋਂ ਟਰਬਾਈਨਾਂ ਰਾਹੀਂ ਸਿਰਫ਼ 40971 ਕਿਊਸਿਕ ਪਾਣੀ ਛੱਡਿਆ ਗਿਆ। ਭਾਖੜਾ ਤੋਂ ਨੰਗਲ ਡੈਮ ਲਈ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ, ਜਦਕਿ ਸਤਲੁਜ ਦਰਿਆ ਵਿੱਚ 18600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਆਉਣ ਵਾਲੇ 3 ਦਿਨਾਂ 'ਚ ਹਿਮਾਚਲ 'ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ, ਜਿਸ ਕਾਰਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਰੋਜ਼ਾਨਾ 1 ਤੋਂ 2 ਫੁੱਟ ਵਧਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਖੜਾ ਮੈਨੇਜਮੈਂਟ ਬੋਰਡ ਨੂੰ ਇੱਕ ਹਫ਼ਤੇ ਤੋਂ 15 ਦਿਨਾਂ ਵਿੱਚ ਪਾਣੀ ਛੱਡਣਾ ਪੈ ਸਕਦਾ ਹੈ।
ਅੰਮ੍ਰਿਤਸਰ 'ਚ ਉਤਰਿਆ ਪਾਣੀ: ਕੱਥੂਨੰਗਲ ਨਹਿਰ ਵਿੱਚ ਪਾੜ ਪੈਣ ਕਾਰਨ ਤੁੰਗਪਾਈ ਡਰੇਨ ਵਿਚ ਪਾਣੀ ਦਾ ਪੱਧਰ ਘੱਟ ਗਿਆ। ਕਈ ਥਾਂ ਰਾਮ ਨਗਰ, ਸੰਧੂ ਐਨਕਲੇਵ ਆਦਿ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਹੇਠਾਂ ਆਇਆ ਹੈ। ਡਰੇਨ ਦੇ ਆਲੇ-ਦੁਆਲੇ ਬਣੀਆਂ ਝੂਗੀਆਂ ਅਜੇ ਵੀ ਨਾਲਿਆਂ ਦੇ ਪਾਣੀ ਦੀ ਚਪੇਟ ਵਿੱਚ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ 150 ਦੇ ਕਰੀਬ ਝੂਗੀਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾ ਦਿੱਤਾ ਗਿਆ ਹੈ। ਏਸੀਪੀ ਨਾਰਥ ਦਵਿੰਦਰ ਖੋਸਾ ਮੁਤਾਬਕ, ਹਾਲਾਤ ਤੇ ਡਰੇਨ ਵਿੱਚ ਪਾਣੀ ਦੇ ਪੱਧਰ ਉੱਤੇ ਲਗਾਤਾਰ ਨਜ਼ਰ ਰੱਖੀ ਹੋਈ ਹੈ। ਜੇਕਰ ਕੁਝ ਚਿੰਤਾਜਨਕ ਹੋਇਆ ਤਾਂ ਰੈਸਕਿਊ ਟੀਮ ਤੁਰੰਤ ਐਕਸ਼ਨ ਲੈ ਲਵੇਗੀ।
ਪਟਿਆਲਾ ਦੇ ਹਾਲਾਤ ਵਿੱਚ ਸੁਧਾਰ: ਇਸ ਦੇ ਨਾਲ ਹੀ, ਪਟਿਆਲਾ 'ਚ ਸਥਾਨਕ ਪ੍ਰਸ਼ਾਸਨ ਵੀ ਸਥਿਤੀ ਨੂੰ ਸੁਧਾਰਨ 'ਚ ਲੱਗਾ ਹੋਇਆ ਹੈ। ਰਾਮਪੁਰ ਪੱਤਾ ਵਿੱਚ ਮੋਟਰ ਦੀ ਮਦਦ ਨਾਲ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਘੱਗਰ ਦੇ ਪੱਧਰ 'ਤੇ ਨਜ਼ਰ ਰੱਖੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਪਰੇਅ ਵੀ ਕਰਵਾਈ ਗਈ ਹੈ, ਤਾਂ ਜੋ ਹੜ੍ਹਾਂ ਦਾ ਪਾਣੀ ਘੱਟਣ ਤੋਂ ਬਾਅਦ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਨਾ ਹੋਣਾ ਪਵੇ।