ਚੰਡੀਗੜ੍ਹ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਭਾਵੇਂ ਮਾਲ ਅਤੇ ਸੇਵਾ ਕਰ (ਜੀ.ਐਸ.ਟੀ.) ਦਾ ਪੰਜਾਬ ਦਾ 4100 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ ਹੈ ਪਰ ਫਿਰ ਵੀ ਸੂਬੇ ਵਿੱਚ ਵਿਕਾਸ ਕਾਰਜਾਂ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਸਿੱਧੂ ਨੇ ਕਿਹਾ ਕਿ ਪੰਜਾਬ ਦਾ ਹਿੱਸਾ ਲੈਣ ਲਈ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਲ ਰਾਜ ਦਾ ਪੱਖ ਰੱਖਿਆ ਹੈ, ਜਿਸ ਉੱਤੇ ਉਨ੍ਹਾਂ ਪੰਜਾਬ ਦੇ ਹਿੱਸੇ ਵਿੱਚੋਂ ਜਲਦੀ ਹੀ 2100 ਕਰੋੜ ਰੁਪਏ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਜੀ.ਐਸ.ਟੀ. ਦਾ ਹਿੱਸਾ ਸਮੇਂ ਸਿਰ ਨਾ ਆਉਣ ਕਾਰਨ ਭਾਵੇਂ ਸੂਬਾ ਸਰਕਾਰ ਨੂੰ ਫੰਡਾਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ ਪਰ ਰਾਜ ਵਿੱਚ ਖ਼ਾਸ ਤੌਰ 'ਤੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇੱਥੇ ਗਰੀਨ ਐਨਕਲੇਵ ਵਿੱਚ ਕਰਵਾਏ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਉਨਾਂ ਗਰੀਨ ਐਨਕਲੇਵ 'ਤੇ ਅਕਾਲ ਆਸ਼ਰਮ ਕਲੋਨੀ ਸੋਹਾਣਾ ਨੂੰ ਰੈਗੂਲਰ ਕਰਨ ਦਾ ਕੇਸ ਕੈਬਿਨੇਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਕੋਲ ਉਠਾਇਆ, ਜਿੰਨ੍ਹਾਂ ਇੰਨ੍ਹਾਂ ਕਲੋਨੀਆਂ ਨੂੰ ਛੇਤੀ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਕਲੋਨੀ ਵਾਸੀਆਂ ਨੇ ਸਿੱਧੂ ਦਾ ਵਿਸ਼ੇਸ਼ ਤੌਰ ਉਤੇ ਸਨਮਾਨ ਕੀਤਾ।
ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਗਰੀਨ ਐਨਕਲੇਵ ਵਿੱਚ ਗਲੀਆਂ ਨਾਲੀਆਂ ਬਣਾਉਣ ਵਾਸਤੇ 9 ਲੱਖ 60 ਹਜ਼ਾਰ ਅਤੇ ਕਲੋਨੀ ਵਿੱਚ ਸੀਵਰੇਜ ਪਾਉਣ ਵਾਸਤੇ 9 ਲੱਖ 80 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ। ਉਨਾਂ ਪਿੰਡ ਬੱਲੋਮਾਜਰਾ ਦੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਵਾਸਤੇ 2.5 ਲੱਖ ਦਾ ਚੈੱਕ ਦਿੱਤਾ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਪਿੰਡ ਬੱਲੋਮਾਜਰਾ ਦੇ ਸਰਪੰਚ ਜੱਸੀ, ਐਡਵੋਕੇਟ ਗੁਰਵਿੰਦਰ ਸਿੰਘ ਸੋਹੀ, ਲਾਭ ਕੌਰ ਪੰਚ, ਪਾਲ ਸਿੰਘ ਪੰਚ, ਨਿਰਮਲ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਪਿ੍ਰੰਸੀਪਲ ਤਰਲੋਚਨ ਸਿੰਘ, ਸਤਵਿੰਦਰ ਸਿੰਘ ਬੱਲੋਮਾਜਰਾ, ਨਿਰੰਜਣ ਸਿੰਘ ਢਿੱਲੋਂ ਸਾਬਕਾ ਸਰਪੰਚ, ਗਰੀਨ ਐਨਕਲੇਵ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ ਬੱਲੋਮਾਜਰਾ ਦੇ ਬਾਨੀ ਪ੍ਰਧਾਨ ਕਸ਼ਮੀਰਾ ਸਿੰਘ, ਪ੍ਰਧਾਨ ਪਿਆਰਾ ਸਿੰਘ, ਮੀਤ ਪ੍ਰਧਾਨ ਆਰ.ਐਸ. ਰਾਣਾ, ਸਕੱਤਰ ਪਲਵਿੰਦਰ ਸਿੰਘ, ਸੁਖਦੇਵ ਸਿੰਘ ਵੜੈਚ ਅਤੇ ਰਾਜਿੰਦਰ ਸਿੰਘ ਹਾਜ਼ਰ ਸਨ।