ਚੰਡੀਗੜ੍ਹ: ਪਿਛਲੇ ਦਿਨੀ ਲਗਾਤਾਰ ਤਿੰਨ ਦਿਨ ਪਏ ਮੀਂਹ ਨੇ ਪੰਜਾਬ ਸਮੇਤ ਨਾਲ ਦੇ ਗੁਆਢੀ ਸੂਬਿਆਂ ਵਿੱਚ ਕਹਿਰ ਦਾ ਹੜ੍ਹ ਲਿਆ ਦਿੱਤਾ ਸੀ। ਇਸ ਤੋਂ ਮਗਰੋਂ ਲੋਕਾਂ ਦੀਆਂ ਫਸਲਾਂ ਅਤੇ ਘਰਾਂ ਨੂੰ ਹੜ੍ਹ ਦੀ ਮਾਰ ਪਈ ਅਤੇ ਬਹੁਤ ਜ਼ਿਆਦਾ ਜਾਨ-ਮਾਲ ਦਾ ਵੀ ਨੁਕਸਾਨ ਹੋਇਆ। ਪਿਛਲੇ ਕੁੱਝ ਦਿਨਾਂ ਤੋਂ ਰੁਕੀ ਬਰਸਾਤ ਕਰਕੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਸੀ ਅਤੇ ਪਾਣੀ ਦਾ ਪੱਧਰ ਵੀ ਘਟਣ ਲੱਗਾ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਲੋਕਾਂ ਦੀ ਪਰੇਸ਼ਾਨੀ ਪਾਣੀ ਵਧਾ ਸਕਦਾ ਹੈ।
ਸਤਲੁਜ ਦੇ ਕੰਢੇ ਵਸਦੇ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਨਿਰਦੇਸ਼: ਪੰਜਾਬ ਵਿੱਚ ਸਤਲੁਜ ਦੇ ਕੰਢੇ ਵਸਦੀ ਤਮਾਮ ਆਬਾਦੀ ਅਤੇ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਨੇ। ਇਸ ਲਈ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਬ ਸਰਕਾਰ ਨੇ ਸਤਲੁਜ ਦਰਿਆ ਦੇ ਕੰਢੇ ਵਸਦੇ ਲੋਕਾਂ ਨੂੰ ਘਰ ਛੱਡ ਕੇ ਜਾਣ ਲਈ ਆਖਿਆ ਹੈ। ਦੱਸ ਦਈਏ ਪੰਜਾਬ ਵਿੱਚ ਅੱਜ ਮੁੜ ਤੋਂ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਣ ਪਾਣੀ ਦਾ ਪੱਧਰ ਤੇਜ਼ੀ ਨਾਲ ਦਰਿਆਵਾਂ ਵਿੱਚ ਵੱਧ ਰਿਹਾ । ਦੂਜੇ ਪਾਸੇ ਹਿਮਾਚਲ ਵਿੱਚ ਭਾਰੀ ਮੀਂਹ ਤੋਂ ਬਾਅਦ ਸਤਲੁਜ ਅਤੇ ਹੋਰ ਦਰਿਆਵਾਂ ਵਿੱਚ ਪਾਣੀ ਵਧਣ ਕਾਰਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1651 ਫੁੱਟ ਨੂੰ ਪਾਰ ਕਰ ਗਿਆ ਹੈ। ਭਾਖੜਾ ਡੈਮ ਦਾ ਖ਼ਤਰਾ ਪੱਧਰ 1680 ਫੁੱਟ ਹੈ ਅਤੇ ਇਸ ਸਮੇਂ ਪਾਣੀ ਦਾ ਪੱਧਰ ਇਸ ਤੋਂ 29 ਫੁੱਟ ਹੇਠਾਂ ਹੈ। ਹਾਲਾਂਕਿ ਡੈਮ ਦੇ ਪਾਣੀ ਦਾ ਪੱਧਰ ਫਲੱਡ ਗੇਟ ਦੇ ਪੱਧਰ ਤੋਂ 6 ਫੁੱਟ ਨੂੰ ਪਾਰ ਕਰ ਗਿਆ ਹੈ।
ਖਤਰਾ ਟਲਿਆ ਨਹੀਂ: ਰਾਵੀ ਦਰਿਆ ਵਿੱਚ ਬੇਸ਼ੱਕ ਕਈ ਜਗ੍ਹਾ ਪਾਣੀ ਘਟ ਚੁੱਕਾ ਹੈ ਪਰ ਖਤਰਾ ਟਲਿਆ ਨਹੀਂ ਹੈ। ਬਿਆਸ ਵਿੱਚ ਤੇਜੀ ਨਾਲ ਵਹਿ ਰਹੇ ਪਾਣੀ ਨਾਲ ਹਾਲੇ ਵੀ ਸਥਿਤੀ ਨਾਜੁਕ ਬਣੀ ਹੋਈ ਹੈ। ਘੱਗਰ ਦੇ ਨਾਲ-ਨਾਲ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੀ ਹੱਦ ਵਿੱਚ ਪੈਂਦੇ ਬਿਆਸ ਦਰਿਆ ਵਿੱਚ ਪਾਣੀ ਵਧਣ ਕਰਕੇ ਫਿਰ ਤੋਂ ਯੈਲੋ ਅਲਰਟ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੀ ਰਾਤ ਕਰੀਬ ਇੱਕ ਤੋਂ 2 ਵਜੇ ਦੌਰਾਨ ਬਿਆਸ ਦਰਿਆ ਵਿੱਚ 83 ਹਜ਼ਾਰ 100 ਕਿਊਸਿਕ ਪਾਣੀ ਚੜ੍ਹਨ ਤੋਂ ਬਾਅਦ ਘਟਿਆ ਹੈ। ਬਿਆਸ ਦਰਿਆ ਵਿੱਚ ਪਾਣੀ ਦਾ ਇਹ ਪੱਧਰ 2023 ਸੀਜ਼ਨ ਦੇ ਸਭ ਤੋਂ ਉਪਰਲੇ ਤੌਰ ਉੱਤੇ ਮਾਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦਰਿਆ ਬਿਆਸ ਦਾ ਪਾਣੀ ਜ਼ਿਲ੍ਹਾ ਕਪੂਰਥਲਾ ਦੀ ਹੱਦ ਵਿੱਚ ਪੈਂਦੇ ਪਿੰਡ ਮਿਆਣੀ ਬਾਕਰਪੁਰ ਦੇ ਧੁੱਸੀ ਬੰਨ ਨਾਲ ਲੱਗ ਚੁੱਕਾ ਹੈ ਪਰ ਫਿਲਹਾਲ ਇਸ ਬੰਨ ਤੋਂ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਹ ਜ਼ਰੂਰ ਹੈ ਕਿ ਦਰਿਆ ਬਿਆਸ ਦੇ ਪਾਣੀ ਦਾ ਲੈਵਲ ਵਧਣ ਨਾਲ ਦਰਿਆ ਤੋਂ ਕਰੀਬ ਡੇਢ ਕਿਲੋਮੀਟਰ ਦੂਰੀ ਤੱਕ ਧੁੱਸੀ ਬੰਨ ਨਾਲ ਪੈਂਦੀ ਸੈਂਕੜੇ ਕਿੱਲ੍ਹੇ ਜ਼ਮੀਨ ਵਿੱਚ ਇਸ ਤੇਜ ਰਫ਼ਤਾਰ ਪਾਣੀ ਦੀ ਮਾਰ ਨਾਲ ਫਸਲਾਂ ਤਬਾਹ ਹੋ ਚੁੱਕੀਆਂ ਹਨ।
ਬਿਆਸ ਦਰਿਆ ਵਧਾ ਰਿਹਾ ਚਿੰਤਾ: ਪੰਜਾਬ ਭਰ ਦੇ ਦਰਿਆਵਾਂ ਵਿੱਚ ਪਾਣੀ ਆਪਣਾ ਵਿਕਰਾਲ ਰੂਪ ਦਿਖਾ ਰਿਹਾ ਹੈ ਅਤੇ ਹੁਣ ਤੱਕ ਭਾਰੀ ਨੁਕਸਾਨ ਨਾਲ ਲੋਕ ਡਰੇ ਹੋਏ ਹਨ। ਉੱਥੇ ਹੀ ਬਿਆਸ ਦਰਿਆ ਵੀ ਹੁਣ ਸ਼ਾਂਤ ਹੋਣ ਦੀ ਬਜਾਏ ਭਿਆਨਕ ਰੂਪ ਅਖਤਿਆਰ ਕਰਦਾ ਨਜ਼ਰ ਆ ਰਿਹਾ ਹੈ । ਪਹਿਲਾਂ ਹੀ ਚਾਰ ਦਿਨਾਂ ਤੋਂ ਯੈਲੋ ਅਲਰਟ ਤੋਂ ਮਹਿਜ ਅੱਧਾ ਫੁੱਟ ਇੱਕ ਫੁੱਟ ਦੇ ਨੇੜੇ ਤੇੜੇ ਵਹਿ ਰਿਹਾ ਬਿਆਸ ਦਰਿਆ ਦਾ ਪਾਣੀ ਅੱਜ ਤੇਜ ਮੀਂਹ ਦੌਰਾਨ ਤੇਜੀ ਨਾਲ ਵੱਧਦਾ ਨਜ਼ਰ ਆ ਰਿਹਾ ਹੈ।ਜਿਸ ਕਾਰਨ ਸ਼ਨੀਵਾਰ ਨੂੰ ਭਾਰੀ ਬਾਰਿਸ਼ ਦੌਰਾਨ ਬਿਆਸ ਦਰਿਆ ਨੇੜਲੇ ਖੇਤਰਾਂ ਵਿੱਚ ਮਾਰ ਕਰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਹਾਲਤਾਂ ਦੀ ਗੱਲ ਕਰੀਏ ਤਾਂ ਇੱਕ ਪਾਸੇ ਬਿਆਸ ਦਰਿਆ ਦਾ ਪਾਣੀ ਦੋ ਦਿਨ ਤੋਂ ਢਿੱਲਵਾਂ ਧੁੱਸੀ ਬੰਨ੍ਹ ਨਾਲ ਲੱਗਿਆ ਹੋਇਆ ਨਜ਼ਰ ਆ ਰਿਹਾ ਅਤੇ ਕਪੂਰਥਲਾ ਦੇ ਨੀਵੇਂ ਇਲਾਕੇ ਇਸਦੀ ਲਪੇਟ ਵਿੱਚ ਹਨ ਤਾਂ ਦੂਜੇ ਪਾਸੇ ਪਾਣੀ ਦੇ ਤੇਜ ਵਹਾਅ ਨੇ ਹੁਣ ਦਰਿਆ ਕੰਢੇ ਲੱਗੇ ਭਾਰੀ ਭਰਕਮ ਰੁੱਖ ਉਖਾੜ ਦਿੱਤੇ ਹਨ।
ਤਬਾਹੀ ਦਾ ਸਿਲਸਿਲਾ : ਸੂਬੇ 'ਚ ਤਬਾਹੀ ਦਾ ਸਿਲਸਿਲਾ ਜਾਰੀ ਹੈ। ਹੁਣ ਇੱਕ ਵਾਰ ਮੁੜ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਜਿਸ ਕਾਰਨ ਲੋਕਾਂ ਦੀ ਚਿੰਤਾ ਵੀ ਵੱਧਣ ਲੱਗੀ ਹੈ । ਇਸ ਖਤਰੇ ਨੂੰ ਵੇਖਦੇ ਹੋਏ ਦਰਿਆ ਦੇ ਨੇੜਲੇ ਇਲਾਕੇ 'ਚ ਖਾਸ ਚੌਕਸੀ ਵਰਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਗਿਹਲੀ ਨਾ ਵਰਤੀ ਜਾਵੇ। ਹੁਣ ਵੇਖਣਾ ਹੋਵੇਗਾ ਕਿ ਆਖਰ ਇਹ ਤਬਾਹੀ ਦਾ ਸਿਲਸਿਲਾ ਕਦੋਂ ਰੁਕਦਾ ਹੈ? ਕਦੋਂ ਪੰਜਾਬ ਦੇ ਲੋਕਾਂ ਨੂੰ ਪਾਣੀ ਦੀ ਆਫ਼ਤ ਤੋਂ ਸੁੱਖ ਦਾ ਸਾਹ ਆਵੇਗਾ?
11 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ: ਹਿਮਾਚਲ ਵਿੱਚ ਹੋ ਰਹੀ ਭਾਰੀ ਬਰਸਾਤ ਕਰਕੇ ਹੁਣ ਘੱਗਰ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਪਟਿਆਲਾ, ਮਾਨਸਾ ਅਤੇ ਹੋਰ ਜ਼ਿਲ੍ਹਿਆਂ ਦੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਬਚਾਅ ਟੀਮਾਂ ਤੋਂ ਇਲਾਵਾ ਸਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸਥਿਤੀ ਪਹਿਲਾਂ ਵਰਗੀ ਨਾ ਬਣ ਜਾਵੇ।