ਚੰਡੀਗੜ੍ਹ: ਪੰਜਾਬ ਰੋਡਵੇਜ਼, Punbus ਅਤੇ PRTC ਕੰਟਰੈਕਟ ਵਰਕਸ ਯੂਨੀਅਨ ਦੀ ਤਰਫੋਂ ਚੰਡੀਗੜ੍ਹ ਸਮੇਤ ਪੰਜਾਬ ਵਿੱਚ ਹੜਤਾਲ ਚੱਲ ਰਹੀ ਹੈ। ਇਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Roadways bus strike news.
ਬੱਸ ਸਟੈਂਡ 'ਤੇ ਵੱਡੀ ਗਿਣਤੀ 'ਚ ਸਵਾਰੀਆਂ ਦਾ ਇਕੱਠ: ਇਸੇ ਦੌਰਾਨ ਚੰਡੀਗੜ੍ਹ ਸੈਕਟਰ 43 ਸਥਿਤ ISBT ਵਿੱਚ ਵੀ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਬੱਸ ਸਟੈਂਡ 'ਤੇ ਵੱਡੀ ਗਿਣਤੀ 'ਚ ਸਵਾਰੀਆਂ ਦਾ ਇਕੱਠ ਹੁੰਦਾ ਹੈ ਅਤੇ ਉਨ੍ਹਾਂ ਨੂੰ ਜਾਣ ਲਈ ਬੱਸਾਂ ਨਹੀਂ ਮਿਲ ਰਹੀਆਂ। ਪੰਜਾਬ ਦੇ ਜ਼ਿਲ੍ਹਿਆਂ ਦੇ ਬੱਸ ਅੱਡਿਆਂ ਦਾ ਵੀ ਇਹੀ ਹਾਲ ਹੈ।
ਪ੍ਰਾਈਵੇਟ ਬੱਸਾਂ ਵਿੱਚ ਮਹਿੰਗਾ ਸਫ਼ਰ ਕਰਨ ਲਈ ਮਜ਼ਬੂਰ ਸਵਾਰੀਆਂ: ਪੰਜਾਬ ਦੇ ਜ਼ਿਲ੍ਹਿਆਂ ਤੋਂ ਆਪਣੇ ਘਰਾਂ ਅਤੇ ਡਿਊਟੀ ’ਤੇ ਜਾਣ ਵਾਲੇ ਕਈ ਯਾਤਰੀ ਚੰਡੀਗੜ੍ਹ ਬੱਸ ਸਟੈਂਡ ’ਤੇ ਫਸੇ ਦੇਖੇ ਗਏ। ਕਈ ਸਵਾਰੀਆਂ ਨੂੰ ਪ੍ਰਾਈਵੇਟ ਬੱਸਾਂ ਵਿੱਚ ਮਹਿੰਗਾ ਸਫ਼ਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦਕਿ ਕੁਝ ਟੈਕਸੀਆਂ ਰਾਹੀਂ ਆਪਣੇ ਘਰ ਪਹੁੰਚ ਰਹੇ ਹਨ। ਲੰਘੇ ਸ਼ਨੀਵਾਰ ਨੂੰ ਵੀ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮੁਅੱਤਲ ਕੀਤੇ ਬਟਾਲਾ ਡਿਪੂ ਦੇ ਕੰਡਕਟਰ ਨੂੰ ਕੀਤਾ ਜਾਵੇ ਬਹਾਲ: ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੰਗ ਹੈ ਕਿ 9 ਨਵੰਬਰ ਨੂੰ ਮੁਅੱਤਲ ਕੀਤੇ ਬਟਾਲਾ ਡਿਪੂ ਦੇ ਕੰਡਕਟਰ ਨੂੰ ਬਹਾਲ ਕੀਤਾ ਜਾਵੇ। ਯੂਨੀਅਨ ਅਨੁਸਾਰ ਇੱਕ ਇੰਸਪੈਕਟਰ ਨੇ ਰੋਪੜ ਵਿਖੇ ਪਨਬੱਸ ਦੀ ਬਟਾਲਾ ਤੋਂ ਚੰਡੀਗੜ੍ਹ ਬੱਸ ਦੀ ਚੈਕਿੰਗ ਕੀਤੀ ਸੀ। ਇਸ ਦੌਰਾਨ ਇੱਕ ਯਾਤਰੀ ਬਿਨਾਂ ਟਿਕਟ ਸਫ਼ਰ ਕਰਦਾ ਪਾਇਆ ਗਿਆ। ਉਸ ਨੂੰ ਟਿਕਟ ਦੀ ਕੀਮਤ ਦਾ 10 ਗੁਣਾ ਜੁਰਮਾਨੇ ਵਜੋਂ ਅਦਾ ਕਰਨ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਬੱਸ ਚਲਾਉਣ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ।
ਚੈਕਿੰਗ ਇੰਸਪੈਕਟਰ ਰੋਡਵੇਜ਼ ਸਟਾਫ ਦਾ ਕਰਦੇ ਹਨ ਸ਼ੋਸ਼ਣ: ਯੂਨੀਅਨ ਦਾ ਕਹਿਣਾ ਹੈ ਕਿ ਸਟੇਟ ਟਰਾਂਸਪੋਰਟ ਵਿਭਾਗ ਮੁਲਾਜ਼ਮਾਂ ਨਾਲ ਮਾੜਾ ਵਿਵਹਾਰ ਕਰ ਰਿਹਾ ਹੈ। ਦੋਸ਼ ਲਾਇਆ ਗਿਆ ਕਿ ਚੈਕਿੰਗ ਇੰਸਪੈਕਟਰ ਰੋਡਵੇਜ਼ ਸਟਾਫ ਦਾ ਸ਼ੋਸ਼ਣ ਕਰਦੇ ਹਨ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਯਾਤਰੀ ਦੀ ਇੱਕ ਵੀਡੀਓ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਕੰਡਕਟਰ ਦਾ ਕੋਈ ਕਸੂਰ ਨਹੀਂ ਹੈ। ਇਸ ਦੇ ਬਾਵਜੂਦ ਬਿਨਾਂ ਕੋਈ ਜਾਂਚ ਕਰਵਾਏ ਕੰਡਕਟਰ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ। ਜਦੋਂ ਕਿ ਮੁਅੱਤਲ ਕੰਡਕਟਰ ਬਟਾਲਾ ਵਿੱਚ ਪਾਣੀ ਦੀ ਟੈਂਕੀ ’ਤੇ ਚੜ੍ਹ ਗਿਆ ਸੀ। ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਮੁਅੱਤਲ ਕੀਤੇ ਕੰਡਕਟਰਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਉਨ੍ਹਾਂ ਦਾ ਧਰਨਾ ਹੋਰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: T20 ਵਿਸ਼ਵ ਕੱਪ ’ਚ ਪਾਕਿਸਤਾਨ ਦੀ ਹਾਰ ਮਗਰੋਂ ਮੋਗਾ ’ਚ ਭਿੜੇ ਵਿਦਿਆਰਥੀਆਂ ਦੇ ਦੋ ਗਰੁੱਪ