ਚੰਡੀਗੜ੍ਹ: ਪੰਜਾਬ ਦੇ ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ ਅੰਮ੍ਰਿਤਪਾਲ ਮਾਮਲੇ ਵਿੱਚ ਕਈ ਅਹਿਮ ਖੁਲਾਸੇ ਕੀਤੇ ਗਏ ਹਨ। ਜਿਹਨਾਂ ਮੁਤਾਬਿਕ ਹੁਣ ਤੱਕ 207 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਕੇਸ ਵਿੱਚ ਇੱਕ ਹੋਰ ਸੁਰਾਗ ਪੁਲਿਸ ਦੇ ਹੱਥ ਲੱਗਣ ਦਾ ਦਾਅਵਾ ਕੀਤਾ ਗਿਆ ਕਿ ਇਕ ਬਲਜੀਤ ਕੌਰ ਨਾਂਅ ਦੀ ਔਰਤ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਦੇ ਹਰਿਆਣਾ ਵਿੱਚ ਹੋਣ ਬਾਰੇ ਜਾਰੀ ਅਲਰਟ ਦੇ ਮੱਦੇਨਜ਼ਰ ਹਰਿਆਣਾ ਦੇ ਸ਼ਾਹਬਾਦ ਵਿੱਚ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅੰਮ੍ਰਿਤਪਾਲ 19 ਅਤੇ 20 ਤਰੀਕ ਨੂੰ ਇੱਥੇ ਰਿਹਾ। ਹੁਣ ਹਰਿਆਣਾ ਪੁਲਿਸ ਨੇ ਮਹਿਲਾ ਨੂੰ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਦੇ ਹਵਾਲੇ ਕਰ ਦਿੱਤਾ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੰਮ੍ਰਿਤਪਾਲ ਸ਼ਾਹਬਾਦ ਰਾਹੀਂ ਯਮੁਨਾਨਗਰ ਦੇ ਰਸਤੇ ਉੱਤਰਾਖੰਡ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਸਕਦਾ ਹੈ। ਜਿਸ ਕਾਰਨ ਉੱਤਰਾਖੰਡ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਬਲਜੀਤ ਕੌਰ ਦੋ ਸਾਲਾਂ ਤੋਂ ਪੱਪਲਪ੍ਰੀਤ ਦੇ ਸੰਪਰਕ ਵਿੱਚ ਸੀ। 19 ਮਾਰਚ ਨੂੰ ਅੰਮ੍ਰਿਤਪਾਲ ਸ਼ਾਹਬਾਦ ਵਿਚ ਰੁਕਿਆ ਸੀ ਉਹ ਅੰਮ੍ਰਿਤਪਾਲ ਨੂੰ ਮੋਟਰਸਾਈਲ ਉੱਤੇ ਲੈ ਕੇ ਜਾਣ ਵਾਲੇ ਪਪਲਪ੍ਰੀਤ ਦੇ ਸੰਪਰਕ ਵਿਚ ਸੀ।
ਅੰਮ੍ਰਿਤਪਾਲ ਨੇ ਕਈ ਵਾਹਨ ਬਦਲੇ: ਅੰਮ੍ਰਿਤਪਾਲ ਕੇਸ ਬਾਰੇ ਨਵੀਂ ਅਪਡੇਟ ਦਿੰਦਿਆ ਆਈਜੀ ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਵੱਲੋਂ ਕਈ ਥਾਈਂ ਵਾਹਨ ਬਦਲੇ ਗਏ। ਵਾਹਨ ਮਾਲਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅੰਮ੍ਰਿਤਪਾਲ ਦੇ ਰੂਟ 'ਤੇ ਨਜ਼ਰ ਰੱਖੀ ਜਾ ਰਹੀ ਹੈ। ਵਾਹਨਾਂ ਦੇ ਮਾਲਕਾਂ ਵੱਲੋਂ ਜੋ ਬਿਆਨ ਦਿੱਤੇ ਜਾ ਰਹੇ ਹਨ ਉਹਨਾਂ ਅਨੁਸਾਰ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਵੱਲੋਂ ਧੱਕੇ ਨਾਲ ਮੋਟਰਸਾਈਕਲ ਖੋਹੇ ਗਏ। ਅੰਮ੍ਰਿਤਪਾਲ ਦੇ ਨਵੇਂ ਹੁਲੀਏ ਦਾ ਬਿਓਰਾ ਦਿੰਦਿਆਂ ਆਈਜੀ ਗਿੱਲ ਨੇ ਦੱਸਿਆ ਕਿ ਦਾੜੀ ਮੁੁੱਛਾਂ ਨਕਲੀ ਫਿਕਸ ਕੀਤੀਆਂ ਗਈਆਂ ਹਨ ਅਤੇ ਪੱਗ ਬੰਨੀ ਗਈ ਹੈ। ਅੰਮ੍ਰਿਤਪਾਲ ਮਾਮਲੇ 'ਚ ਸਾਰੇ ਸੂਬਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਉੱਤਰਾਖੰਡ ਵਿੱਚ ਊਧਮ ਸਿੰਘ ਨਗਰ ਅਤੇ ਮਹਾਰਾਸ਼ਟਰ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ । ਬਲਜੀਤ ਕੌਰ ਜਿਸ ਦੇ ਘਰ ਅੰਮ੍ਰਿਤਪਾਲ ਸ਼ਾਹਬਾਦ, ਹਰਿਆਣਾ ਵਿਖੇ ਠਹਿਰਿਆ ਸੀ ਉਸ ਨੂੰ ਅੱਜ ਹੀ ਪੰਜਾਬ ਲਿਆਂਦਾ ਜਾਵੇਗਾ।
ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਬੂ 'ਚ : ਆਈਜੀ ਗਿੱਲ ਆਪ੍ਰੇਸ਼ਨ ਅੰਮ੍ਰਿਤਪਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਲਗਾਤਾਰ ਅੰਮ੍ਰਿਤਪਾਲ ਦੀ ਭਾਲ ਵਿਚ ਲੱਗੀ ਹੋਈ ਹੈ ਅਤੇ ਹਰ ਵਾਰ ਕੁਝ ਨਵੇਂ ਸਬੂਤ ਪੁਲਿਸ ਦੇ ਹੱਥ ਲੱਗਦੇ ਹਨ ਅਤੇ ਅੰਮ੍ਰਿਤਪਾਲ ਨਾਲ ਜੁੜੀਆਂ ਨਵੀਆਂ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ। ਇਸ ਦੌਰਾਨ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਹੈ। 207 ਲੋਕਾਂ ਦੀ ਗ੍ਰਿਫ਼ਤਾਰੀ ਹੁਣ ਤੱਕ ਹੋ ਚੁੱਕੀ ਹੈ। ਨਾਲ ਹੀ ਮੁੱਖ ਮੰਤਰੀ ਵੱਲੋਂ ਹਦਾਇਦਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਬੇਕਸੂਰ ਨੂੰ ਤੰਗ ਨਹੀ ਕੀਤਾ ਜਾਵੇਗਾ ਅਤੇ ਕੋਈ ਵੀ ਨਾਜਾਇਜ਼ ਗ੍ਰਿਫ਼ਤਾਰੀ ਨਹੀਂ ਕੀਤੀ ਜਾਵੇਗੀ। ਜੋ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਜਾਂਚ ਵਿੱਚ ਜੋ ਬੇਕਸੂਰ ਪਾਏ ਗਏ ਉਹਨਾਂ ਨੂੰ ਛੇਤੀ ਛੱਡ ਦਿੱਤਾ ਜਾਵੇਗਾ। ਪੰਜਾਬ ਪੁਲਿਸ ਨੇ ਹੁਣ ਤੱਕ ਕਿਸੇ ਨੂੰ ਵੀ ਟਾਰਚਰ ਨਹੀਂ ਕੀਤਾ।