ਚੰਡੀਗੜ੍ਹ: ਅੰਮ੍ਰਿਤਪਾਲ ਸਿੰਘ ਬਾਰੇ ਕਈ ਖੁਲਾਸੇ ਲਗਾਤਾਰ ਹੋ ਰਹੇ ਹਨ। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਨਵਾਂ ਖੁਲਾਸਾ ਕਰਦਿਆਂ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਫਰਾਰ ਹੋ ਗਿਆ ਹੈ। ਇਹ ਪ੍ਰਗਟਾਵਾ ਅੱਜ ਮੰਗਲਵਾਰ ਨੂੰ ਆਈ.ਜੀ ਡਾ.ਸੁਖਚੈਨ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਗੱਡੀ ਬਦਲੀ ਤੇ ਉਹ ਨੰਗਲ ਅੰਬੀਆ ਸਥਿਤ ਗੁਰਦੁਆਰਾ ਸਾਹਿਬ ਤੋਂ ਬ੍ਰੇਜ਼ਾ ਗੱਡੀ ਵਿੱਚ ਕੱਪੜੇ ਬਦਲ ਕੇ ਆਪਣੇ ਸਾਥੀਆਂ ਨਾਲ 2 ਮੋਟਰਸਾਈਕਲਾਂ ’ਤੇ ਫ਼ਰਾਰ ਹੋ ਗਿਆ।
ਪੰਜਾਬ ਦੇ ਲੋਕ ਇਸ ਅਪਰੇਸ਼ਨ ਵਿੱਚ ਮਦਦ ਕਰ ਰਹੇ:- ਇਸ ਦੌਰਾਨ ਪ੍ਰੈਸ ਕਾਨਫਰੰਸ ਕਰਦਿਆ ਆਈ.ਜੀ ਸੁਖਚੈਨ ਗਿੱਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਕਾਇਮ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਅਮਨ-ਕਾਨੂੰਨ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਬਾਹਰੋਂ ਵੱਡੀ ਗਿਣਤੀ ਵਿੱਚ ਫੋਨ ਆਏ ਹਨ। ਜਿੱਥੇ ਲੋਕਾਂ ਨੇ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ। ਪੰਜਾਬ ਦੇ ਸਾਰੇ ਲੋਕ ਇਸ ਅਪਰੇਸ਼ਨ ਵਿੱਚ ਮਦਦ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੀਆਂ ਏਜੰਸੀਆਂ ਇਸ ਕਾਰਵਾਈ ਵਿੱਚ ਮਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਨਾਜਾਇਜ਼ ਨਹੀਂ ਰੱਖਿਆ ਜਾਵੇਗਾ।
ਮੋਹਾਲੀ ਵਿੱਚ ਧਰਨਾ ਖ਼ਤਮ:- ਇਸ ਦੌਰਾਨ ਆਈ.ਜੀ ਸੁਖਚੈਨ ਗਿੱਲ ਨੇ ਕਿਹਾ ਕਿ ਮੋਹਾਲੀ ਵਿੱਚ ਧਰਨਾ ਖ਼ਤਮ ਹੋ ਗਿਆ ਹੈ। ਕਿਉਂਕਿ ਲੋਕਾਂ ਨੂੰ ਸ਼ਹਿਰ ਵਿੱਚ ਆਉਣ-ਜਾਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਲੰਧਰ ਦੇ ਇਕ ਸਰਪੰਚ ਨੇ ਅੰਮ੍ਰਿਤਪਾਲ ਸਿੰਘ ਦੇ ਚਾਚੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸਰਪੰਚ ਮਨਪ੍ਰੀਤ ਸਿੰਘ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ।
ਅੰਮ੍ਰਿਤਪਾਲ ਸਿੰਘ ਦੀ ਬ੍ਰੇਜ਼ਾ ਗੱਡੀ ਬਰਾਮਦ:- ਇਸ ਦੌਰਾਨ ਆਈ.ਜੀ ਸੁਖਚੈਨ ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਭੱਜਣ ਲਈ ਵਰਤੀ ਗਈ ਬ੍ਰੇਜ਼ਾ ਗੱਡੀ ਬਰਾਮਦ ਕਰ ਲਈ ਗਈ ਹੈ। ਇਸ ਮਾਮਲੇ 'ਚ 4 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਸ਼ਾਹਕੋਟ ਵਾਸੀ ਮਨਪ੍ਰੀਤ ਉਰਫ ਮੰਨਾ, ਗੁਰਦੀਪ ਸਿੰਘ ਦੀਪਾ, ਹਰਪ੍ਰੀਤ ਸਿੰਘ ਹੈਪੀ ਅਤੇ ਗੁਰਬੇਜ ਸਿੰਘ ਨੇ ਅੰਮ੍ਰਿਤਪਾਲ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਹਥਿਆਰ ਵੀ ਬਰਾਮਦ ਹੋਏ ਹਨ।
ਇਹ ਵੀ ਪੜੋ:- Amritpal Singh: ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਦਾਖਲ ਕੀਤਾ ਜਵਾਬ