ਚੰਡੀਗੜ੍ਹ : ਤੰਦਰੁਸਤ ਪੰਜਾਬ ਮਿਸ਼ਨ ਦੇ ਏਜੰਡੇ ਤਹਿਤ ਭੋਜਨ ਦੀ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੇ ਸਾਰੀਆਂ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਨੂੰ ਉਹਨਾਂ ਨਾਲ ਰਜਿਸਟਰਡ/ਐਫੀਲਿਏਟਡ ਸਾਰੇ ਫੂਡ ਬਿਜਨਸ ਆਪਰੇਟਰਾਂ ਦੀ ਸਫ਼ਾਈ ਸਬੰਧੀ ਰੇਟਿੰਗ ਦਰਸਾਉਣ ਦੇ ਆਦੇਸ਼ ਦਿੱਤੇ। 3 ਮਹੀਨਿਆਂ ਦਾ ਸਮਾਂ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ 90 ਦਿਨਾਂ ਤੋਂ ਬਾਅਦ ਸੂਬੇ ਵਿੱਚ ਸਫਾਈ ਸਬੰਧੀ ਰੇਟਿੰਗ ਤੋਂ ਬਿਨਾਂ ਕੋਈ ਵੀ ਆਨਲਾਈਨ ਫੂਡ ਆਰਡਰ ਦੀ ਡਿਲਵਰੀ ਨਹੀਂ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਆਨਲਾਈਨ ਫੂਡ ਆਰਡਰ/ਡਿਲਵਰੀ ਕੰਪਨੀਆਂ ਇਹ ਯਕੀਨੀ ਬਣਾਉਣਗੀਆਂ ਕਿ ਉਹਨਾਂ ਨਾਲ ਰਜਿਸਟਰਡ/ਐਫ਼ੀਲਿਏਟਡ ਸਾਰੇ ਫੂਡ ਬਿਜਨਸ ਆਪਰੇਟਰਾਂ ਦੀ ਸਫ਼ਾਈ ਸਬੰਧੀ ਰੇਟਿੰਗ ਐੱਫਐੱਸਐੱਸਏਆਈ. ਦੀਆਂ ਸੂਚੀਬੱਧ ਕੰਪਨੀਆਂ ਵਲੋਂ ਕੀਤੀ ਜਾਵੇ।
ਸਫਾਈ ਸਬੰਧੀ ਰੇਟਿੰਗ ਨੂੰ ਦਰਸਾਉਣ ਲਈ 5 ਸਮਾਇਲਸ ਦੇ ਪੈਮਾਨੇ ਨੂੰ ਅਪਣਾਇਆ ਗਿਆ ਹੈ। ਕੌਮੀ ਖੁਰਾਕ ਅਥਾਰਟੀ ਵਲੋਂ ਐਫ.ਬੀ.ਓਜ. ਦੀ ਸਫਾਈ ਸਬੰਧੀ ਰੇਟਿੰਗ ਦੇ ਆਡਿਟ ਕਰਵਾਉਣ ਲਈ 23 ਕੰਪਨੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ।