ਚੰਡੀਗੜ੍ਹ: ਅਜਨਾਲਾ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਐਕਸ਼ਨ ਅਤੇ ਉੱਤੇ ਬੋਲਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਆੜ ਹੇਠ ਕਿੰਨੀ ਵੱਡੀ ਹਿੰਸਾ ਕੀਤੀ ਗਈ ਗੁਰੁ ਸਾਹਿਬ ਨੂੰ ਥਾਣੇ ਲਿਜਾਇਆ ਗਿਆ। ਉਨ੍ਹਾਂ ਕਿਹਾ ਜਦੋਂ ਘਰਾਂ ਵਿੱਚ ਆਖੰਡ ਪਾਠ ਸਾਹਿਬ ਹੁੰਦਾ ਹੈ ਤਾਂ ਬਹੁਤ ਆਦਰ ਸਤਿਕਾਰ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਘਰ ਲਿਆਂਦਾ ਜਾਂਦਾ ਹੈ, ਪਹਿਲਾਂ ਸਾਰੇ ਘਰ ਦੀ ਸਫ਼ਾਈ ਕੀਤੀ ਜਾਂਦੀ ਹੈ, ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਅਤੇ ਫੁੱਲਾਂ ਨਾਲ ਸਾਰਾ ਆਲਾ ਦੁਆਲਾ ਸਜਾਇਆ ਜਾਂਦਾ ਹੈ। ਹੁਣ ਭਗਵੰਤ ਮਾਨ ਦੱਸੇ ਕਿ ਇਹ ਸਭ ਕੀ ਸੀ ?
ਅੱਜ ਦੀ ਤਰੀਕ ਵਿਚ 2 ਕਤਲ ਹੋਏ: ਬਿਕਰਮ ਮਜੀਠੀਆ ਨੇ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ’ਤੇ ਤੰਜ ਕੱਸਦਿਆਂ ਕਿਹਾ ਅੱਜ ਦੀ ਤਰੀਕ 2 ਕਤਲ ਹੋਏ ਹਨ। ਇਕ ਤਰਨਤਾਰਨ ਵਿਚ ਅਤੇ ਇਕ ਹੋਰ ਨੌਜਵਾਨ ਦਾ ਕਤਲ ਹੋਇਆ। ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਅਤੇ ਹੁਣ ਮੂਸੇਵਾਲਾ ਦੇ ਕਾਤਲਾਂ ਦੀ ਜੇਲ੍ਹ ‘ਚ ਗੈਂਗਵਾਰ ਹੋਈ ਅਤੇ ਜਿਹਨਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਅਹਿਮ ਗਵਾਹ ਬਣਨਾ ਸੀ ਉਹਨਾਂ ਦਾ ਵੀ ਕਤਲ ਹੋ ਗਿਆ। ਉਨ੍ਹਾਂ ਕਿਹਾ ਕਿ ਜੇਕਰ ਜੇਲ੍ਹਾਂ ਵਿੱਚ ਇਹ ਹਾਲਾਤ ਨੇ ਤਾਂ ਬਾਹਰ ਕੀ ਹੋਵੇਗਾ, ਉਨ੍ਹਾਂ ਕਿਹਾ ਕਿ ਅੱਜ ਨਾ ਤਾਂ ਪੰਜਾਬ ਦੀਆਂ ਜੇਲ੍ਹਾਂ ‘ਚ ਅਮਨ ਕਾਨੂੰਨ ਹੈ ਅਤੇ ਨਾ ਹੀ ਜੇਲ੍ਹਾਂ ਤੋਂ ਬਾਹਰ। ਉਨ੍ਹਾਂ ਕਿਹਾ ਕਿ ਪੰਜਾਬ ਡੁੱਬ ਰਿਹਾ ਹੈ ਅਤੇ ਮੁੱਖ ਮੰਤਰੀ ਦਿੱਲੀ ਜਾਕੇ ਬੈਠਾ ਹੈ।
'ਆਪ' ਅਪਣਾ ਰਹੀ ਦੋਹਰੇ ਮਾਪਦੰਡ: ਮਜੀਠੀਆ ਨੇ ਕਿਹਾ ਕਿ 'ਆਪ' ਆਪਣੇ ਆਗੂਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਨੂੰ ਚੰਗਾ ਭ੍ਰਿਸ਼ਟਾਚਾਰ ਮੰਨਦੀ ਹੈ, ਪਰ ਜੇਕਰ ਕੋਈ ਹੋਰ ਕਰੇ ਤਾਂ ਇਹ ਮਾੜਾ ਭ੍ਰਿਸ਼ਟਾਚਾਰ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਚਰਿੱਤਰ ਸਰਟੀਫਿਕੇਟ ਜਾਰੀ ਕਰਨ ਵਿੱਚ ਮਾਹਰ ਹੋ ਗਏ ਹਨ ਭਾਵੇਂ ਉਹ ਸਤੇਂਦਰ ਜੈਨ ਦੇ ਮਾਮਲੇ ਵਿੱਚ ਹੋਵੇ, ਜਿਸ 'ਤੇ ਜੇਲ੍ਹ ਮੰਤਰੀ ਵਜੋਂ ਦੋਸ਼ੀ ਸੁਕੇਸ਼ ਚੰਦਰਸ਼ੇਖਰ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸਨ ਜਾਂ ਮਨੀਸ਼ ਸਿਸੋਦੀਆ ਦੇ ਤਾਜ਼ਾ ਮਾਮਲੇ ਵਿੱਚ। ਉਨ੍ਹਾਂ ਕਿਹਾ ਕਿ, “ਸ਼੍ਰੀਮਾਨ ਕੇਜਰੀਵਾਲ ਜਾਂਚ ਏਜੰਸੀਆਂ ਅਤੇ ਅਦਾਲਤਾਂ ਨੂੰ ਆਪਣਾ ਕੰਮ ਕਿਉਂ ਨਹੀਂ ਕਰਨ ਦਿੰਦੇ? ਉਹ ਭ੍ਰਿਸ਼ਟਾਚਾਰ ਨੂੰ ਬਚਾਉਣ ਲਈ ਵਿਰੋਧ ਪ੍ਰਦਰਸ਼ਨਾਂ ਨੂੰ ਸਪਾਂਸਰ ਕਰਕੇ ਅਦਾਲਤੀ ਪ੍ਰਕਿਰਿਆ ਦੇ ਰਾਹ ਵਿੱਚ ਕਿਉਂ ਆ ਰਿਹਾ ਹੈ? ਇਹ ਸਪੱਸ਼ਟ ਹੈ ਕਿ ਉਹ ਮਹਿਸੂਸ ਕਰਦਾ ਹੈ ਕਿ ਟ੍ਰੇਲ ਵਿੱਚ ਉਸ ਨੂੰ ਲਿਜਾਇਆ ਜਾ ਸਕਦਾ ਹੈ। ”
ਦਿੱਲੀ ‘ਚ ਵੱਡਾ ਭ੍ਰਿਸ਼ਟਾਚਾਰ ਹੋਇਆ: ਪੰਜਾਬ ਦੀ ਆਬਕਾਰੀ ਨੀਤੀ ਵਿੱਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਾਉਂਦਿਆਂ ਮਜੀਠੀਆ ਨੇ ਕਿਹਾ ਕਿ ਦਿੱਲੀ ਦੀ ਤਰ੍ਹਾਂ ਸ਼ਰਾਬ ਦਾ ਸਮੁੱਚਾ ਵਪਾਰ ਦੋ ਕੰਪਨੀਆਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਮੁਨਾਫੇ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ‘ਆਪ’ ਸਰਕਾਰ ਅਤੇ ਦਿੱਲੀ ਵਿੱਚ ‘ਆਪ’ ਹਾਈਕਮਾਂਡ ਨੂੰ ਸੈਂਕੜੇ ਕਰੋੜ ਵਾਪਸ ਭੇਜੇ ਗਏ ਹਨ। ਇਹ ਸ਼ਰਾਬ ਦੇ ਨਾਲ-ਨਾਲ ਰੇਤ ਮਾਈਨਿੰਗ ਮਾਫੀਆ ਤੋਂ ਪ੍ਰਾਪਤ ਕੀਤਾ ਗਿਆ ਪੈਸਾ ਹੈ ਜਿਸ ਦੀ ਵਰਤੋਂ 'ਆਪ' ਅਰਵਿੰਦ ਕੇਜਰੀਵਾਲ ਦੇ ਰਾਸ਼ਟਰੀ ਚੋਣ ਸੁਪਨਿਆਂ ਨੂੰ ਪੂਰਾ ਕਰਨ ਲਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਜਨਤਕ ਤੌਰ 'ਤੇ ਕਿਹਾ ਸੀ ਕਿ ਜਿਸ ਨੀਤੀ ਨੂੰ ਦਿੱਲੀ ਵਿਚ ਨਾਮਨਜ਼ੂਰ ਕੀਤਾ ਗਿਆ ਸੀ, ਉਹੀ ਨੀਤੀ ਪੰਜਾਬ ਵਿੱਚ ਚਮਤਕਾਰ ਕਰ ਰਹੀ ਹੈ।
ਇਹ ਵੀ ਪੜ੍ਹੋ: Delhi Liquor Scam: ਰਿਸ਼ਵਤ ਲੈਣ ਅਤੇ ਸਬੂਤ ਨਸ਼ਟ ਕਰਨ ਦੇ ਮਾਮਲੇ 'ਚ ਮੁਲਜ਼ਮ ਮਨੀਸ਼ ਸਿਸੋਦੀਆ 5 ਦਿਨਾਂ ਦੇ ਸੀਬੀਆਈ ਰਿਮਾਂਡ 'ਤੇ