ਚੰਡੀਗੜ੍ਹ: ਪੰਜਾਬ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਪੰਜਾਬ ਸਰਕਾਰ ਨੇ ਐਨਆਰਆਈ ਅਤੇ ਵਿਦੇਸ਼ੀ ਯਾਤਰੀਆਂ ਲਈ ਸਵੈ-ਘੋਸ਼ਣਾ ਫਾਰਮ ਜਾਰੀ ਕੀਤੇ ਹਨ, ਜੋ ਕਿ 30 ਮਾਰਚ 2020 ਤੋਂ ਬਾਅਦ ਪੰਜਾਬ ਆਏ ਹਨ ਪਰ ਉਨ੍ਹਾਂ ਨੇ ਹਾਲੇ ਤੱਕ ਡਿਪਟੀ ਕਮਿਸ਼ਨਰ, ਸਿਵਲ ਸਰਜਨ, ਸਿਹਤ ਵਿਭਾਗ ਜਾਂ ਪੁਲਿਸ ਦੇ ਦਫ਼ਤਰਾਂ ਨਾਲ ਵੇਰਵੇ ਭੇਜਣ ਬਾਰੇ ਸੰਪਰਕ ਨਹੀਂ ਕੀਤਾ। ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 30 ਮਾਰਚ 2020 ਤੋਂ ਬਾਅਦ ਪੰਜਾਬ ਵਿੱਚ ਦਾਖ਼ਲ ਹੋਏ ਬਹੁਤੇ ਪ੍ਰਵਾਸੀ ਭਾਰਤੀਆਂ ਨੇ ਆਪਣੇ ਜ਼ਿਲ੍ਹੇ ਵਿੱਚ ਸਬੰਧਤ ਅਥਾਰਟੀ ਨੂੰ ਜਾਣੂ ਕਰਵਾ ਦਿੱਤਾ ਹੈ।
![self declaration form for nri travellers](https://etvbharatimages.akamaized.net/etvbharat/prod-images/6600627_hjv.jpg)
ਉਨ੍ਹਾਂ ਕਿਹਾ ਕਿ ਜਿਹੜੇ ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੀਆਂ ਦੀ ਹਾਲੇ ਤੱਕ ਵੀ ਡਿਪਟੀ ਕਮਿਸ਼ਨਰ, ਸਿਵਲ ਸਰਜਨ, ਸਿਹਤ ਵਿਭਾਗ ਜਾਂ ਪੁਲਿਸ ਦੇ ਦਫ਼ਤਰਾਂ ਵੱਲੋਂ ਤਸਦੀਕ ਨਹੀਂ ਹੋਈ ਉਨ੍ਹਾਂ ਲਈ ਸਵੈ-ਘੋਸ਼ਣਾ ਫਾਰਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਪ੍ਰਵਾਸੀ ਭਾਰਤੀ ਤੇ ਵਿਦੇਸ਼ੀ ਯਾਤਰੀ ਇਹ ਸਵੈ-ਘੋਸ਼ਣਾ ਫਾਰਮ ‘ਡਾਇਲ -112’ ਨੈਸ਼ਨਲ ਐਮਰਜੈਂਸੀ ਰਿਸਪਾਂਸ ਸਿਸਟਮ (ਈਆਰਐਸਐਸ) ਵਿਖੇ ਤੁਰੰਤ ਜਮ੍ਹਾਂ ਕਰਵਾਉਣ।
ਅਜਿਹੇ ਪ੍ਰਵਾਸੀ ਭਾਰਤੀ/ਵਿਦੇਸ਼ੀ ਯਾਤਰੀ ਆਪਣੇ ਵੇਰਵੇ ‘ਡਾਇਲ -112 ਐਪ’ ‘ਤੇ (ਜੋ ਕਿ ਗੂਗਲ ਪਲੇਅ ਸਟੋਰ ’ਤੇ ਉਪਲਬੱਧ ਹੈ) ਉੱਤੇ ਜਾਂ dial-112@punjabpolice.gov.in ਈਮੇਲ ਜਾਂ http://ners.in/ ਡਾਇਲ -112 ਵੈਬਸਾਈਟ 'ਤੇ ਵੀ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਦਿੱਤੇ ਹੋਏ ਇਸ ਈਮੇਲ ਜਾਂ ਪੋਰਟਲ ‘ਤੇ ਲੋੜੀਂਦੇ ਵੇਰਵੇ ਭੇਜਣ ਵਿੱਚ ਅਸਮਰੱਥ ਹੈ, ਤਾਂ ਵੇਰਵੇ ਵਟਸਐਪ ਨੰਬਰ 97799-20404 ‘ਤੇ ਵੀ ਭੇਜੇ ਜਾ ਸਕਦੇ ਹਨ। ਹਾਲਾਂਕਿ, ਉਸ ਨੇ ਸਪੱਸ਼ਟ ਕੀਤਾ ਕਿ 112 ਨੰਬਰ ਉਦੋਂ ਹੀ ਡਾਇਲ ਕੀਤਾ ਜਾਵੇ ਜਦੋਂ ਕੋਈ ਉੱਪਰ ਦੱਸੇ ਪਲੇਟਫਾਰਮਾਂ ’ਤੇ ਜਾਣਕਾਰੀ ਭੇਜਣ ਤੋਂ ਅਸਮਰੱਥ ਰਹਿੰਦਾ ਹੈ।
ਇਸ ਤੋਂ ਇਲਾਵਾ ਉਹ ਪੰਜਾਬ 'ਚ ਜਿਹੜੇ ਜਿਹੜੇ ਸਥਾਨਾਂ ਉਪਰ ਗਏ ਅਤੇ ਉਨ੍ਹਾਂ ਦੇ ਪਾਸਪੋਰਟ ਨੰਬਰ ਸਮੇਤ ਉਨ੍ਹਾਂ ਨਾਂਅ ਅਤੇ ਸੰਪਰਕ ਵੇਰਵਿਆਂ ਜਿਵੇਂ ਮੋਬਾਈਲ ਨੰਬਰ, ਲੈਂਡਲਾਈਨ ਨੰਬਰ ਅਤੇ ਈਮੇਲ-ਆਈਡੀ ਨਾਲ ਸਬੰਧਤ ਜਾਣਕਾਰੀ ਵੀ ਫਾਰਮ ਵਿੱਚ ਲਿਖਣੀ ਲਾਜ਼ਮੀ ਹੈ।